ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਲੁਧਿਆਣਾ ਵਿਖੇ ਸੂਬਾਈ ਮੀਟਿੰਗ ਭਲਕੇ 30 ਦਸੰਬਰ ਨੂੰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਸੰਬੰਧਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਦੇ  ਸੂਬਾਈ ਕਨਵੀਨਰ ਗੁਰਜੰਟ ਸਿੰਘ ਕੋਕਰੀ, ਕੋ-ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਹਿਗੜ੍ਹ ਸਾਹਿਬ, ਕੰਵਲਜੀਤ ਸਿੰਘ ਰੋਪੜ, ਦਰਸ਼ੀਕਾਂਤ ਰਾਜਪੁਰਾ ਦੀ ਅਗਵਾਈ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਸੂਬਾਈ ਮੀਟਿੰਗ 30 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਨੇੜੇ  ਬੱਸ ਸਟੈਂਡ ਲੁਧਿਆਣਾ ਵਿਖੇ ਰੱਖੀ ਗਈ ਹੈ। ਇਸ ਮੌਕੇ ਫੈਡਰੇਸ਼ਨ ਦੇ ਸੂਬਾਈ ਮੀਤ ਸਕੱਤਰ ਸੁਖਜੀਤ ਸਿੰਘ ਆਲਮਵਾਲਾ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪ੍ਰਧਾਨ  ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਸੰਜੀਵ ਸਾਨਿਆਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਸੰਬੰਧੀ  ਦਿੱਤੇ ਗਏ ਬਿਆਨ ਤੇ ਟਿੱਪਣੀ ਕਰਦਿਆਂ ਇਸ ਬਿਆਨ ਨੂੰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਆ ਕੇ ਦਿੱਤਾ ਗਿਆ ਬਿਆਨ ਕਰਾਰ ਦਿੱਤਾ ਹੈ।  ਕਿਉਂਕਿ ਰਾਜਸਥਾਨ, ਛੱਤੀਸਗੜ, ਝਾਰਖੰਡ ਤੇ ਪੰਜਾਬ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਸੰਬੰਧੀ ਫੈਸਲੇ ਲਏ ਜਾ ਚੁੱਕੇ ਹਨ। ਆਗੂਆਂ ਨੇ ਅੱਗੇ ਦੱਸਿਆ ਕਿ ਨਵੀਂ ਪੈਨਸ਼ਨ  ਸਕੀਮ ਤਹਿਤ ਸਟੇਟ ਸ਼ੇਅਰ ਦੇ ਰੂਪ ਵਿੱਚ ਇਕੱਲੇ ਪੰਜਾਬ ਰਾਜ ਤੋਂ ਜਨਵਰੀ 2004 ਤੋਂ ਬਾਅਦ ਹੁਣ ਤੱਕ 18 ਹਜ਼ਾਰ ਕਰੋੜ ਦੀ ਰਕਮ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ ਤੇ ਹਰ ਸਾਲ 2800 ਕਰੋੜ ਰੁਪਏ ਲਗਾਤਾਰ ਕਾਰਪੋਰੇਟਾਂ ਦੇ ਹੱਥਾਂ ਵਿੱਚ ਜਾ ਰਹੇ ਹਨ। ਸਮੁੱਚੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚੋਂ ਨਵੀਂ ਪੈਨਸ਼ਨ ਸਕੀਮ ਤਹਿਤ ਕਟੌਤੀ ਕੀਤੀ ਜਾ ਰਹੀ ਅਰਬਾਂ ਰੁਪਏ  ਦੀ ਰਾਸ਼ੀ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।

ਇਸ ਕਰਕੇ ਕਾਰਪੋਰੇਟ ਸੈਕਟਰ ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗੱਲ ਹਜ਼ਮ ਨਹੀ ਹੋ ਰਹੀ। ਆਗੂਆਂ ਵੱਲੋਂ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਮੁਲਾਜ਼ਮਾਂ ਅਤੇ ਸਰਕਾਰ ਦਾ ਲਗਭਗ 24% ਹਿੱਸਾ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਕੱਟ ਕੇ ਪ੍ਰਾਈਵੇਟ ਕੰਪਨੀਆਂ ਕੋਲ ਸ਼ੇਅਰ ਮਾਰਕੀਟ ਵਿੱਚ ਲਗਾਉਣ ਨਾਲ ਮੁਲਾਜ਼ਮਾਂ ਅਤੇ ਸਰਕਾਰ ਦਾ ਨੁਕਸਾਨ ਹੋ ਰਿਹਾ ਹੈ ਜਦੋਂ ਕਿ ਪ੍ਰਾਈਵੇਟ ਕੰਪਨੀਆਂ ਸ਼ੇਅਰ ਮਾਰਕੀਟ ਵਿੱਚੋਂ ਮੁਨਾਫ਼ਾ ਕਮਾ ਰਹੀਆਂ ਹਨ। ਸਰਮਾਏਦਾਰੀ ਕੰਪਨੀਆਂ ਦੇ ਦਬਾਅ ਹੇਠ ਆ ਕੇ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਬੁਢਾਪੇ ਦੀ ਡੰਗੋਰੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਤੇ ਬਹਾਨੇ ਲਗਾ ਕੇ ਟਾਲਿਆ ਜਾ ਰਿਹਾ ਹੈ। ਆਗੂਆਂ ਵੱਲੋਂ ਦੱਸਿਆ ਗਿਆ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਮੁਲਾਜ਼ਮਾਂ ਨੂੰ ਸੇਵਾ ਮੁਕਤ ਹੋਣ ਉਪਰੰਤ ਉਹਨਾਂ ਦੇ ਸ਼ੇਅਰ ਮਾਰਕੀਟ ਵਿੱਚ ਆਏ ਫੰਡ ਅਨੁਸਾਰ 3000 ਜਾਂ 4000 ਰੁਪਏ ਦੇ ਲਗਭਗ ਪੈਨਸ਼ਨ ਮਿਲਦੀ ਹੈ, ਜਿਸ ਨਾਲ ਮੁਲਾਜ਼ਮਾਂ ਦਾ ਬੁਢਾਪੇ ਦਾ ਭਵਿੱਖ ਧੁੰਦਲਾ ਹੋ ਰਿਹਾ ਹੈ। ਆਗੂਆਂ ਨੇ ਦੇਸ਼ ਦੇ ਸਮੂਹ ਮਿਹਨਤਕਸ਼ ਵਰਗ ਨੂੰ ਲਾਮਬੰਦ ਹੋ ਕੇ ਸੰਘਰਸ਼ਾਂ ਨੂੰ ਤਿੱਖਾ ਕਰਨ ਦਾ ਸੱਦਾ ਦਿੰਦੇ ਹੋਏ ਕਾਰਪੋਰੇਟ ਸੈਕਟਰ ਦੇ ਸਾਰੇ ਦਲਾਲਾਂ ਨੂੰ ਚਿਤਾਵਨੀ ਦਿੱਤੀ ਕਿ ਸੰਸਦ ਦੇ ਚੱਲ ਰਹੇ ਮੌਜੂਦਾ ਸ਼ੈਸ਼ਨ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਚਾਲੂ ਰੱਖਣ ਸੰਬੰਧੀ ਦਿੱਤੇ ਗਏ ਬਿਆਨਾਂ ਤੋਂ ਬਾਜ਼ ਆਉਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ ਮੁਲਾਜ਼ਮ ਵਰਗ ਆਪਣੇ ਸਾਰੇ ਮੱਤਭੇਦ ਭੁਲਾ ਕੇ ਇਕੱਠੇ  ਹੋਣ ਤੇ ਸਾਲ 2024 ਵਿੱਚ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਅਜਿਹੀਆਂ ਰਾਜਨੀਤਕ ਪਾਰਟੀਆਂ ਦਾ ਡੱਟਵਾਂ ਵਿਰੋਧ ਕਰਨ। ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਮੁਕਤਸਰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਪਵਿੱਤਰ ਸਿੰਘ ਜਿਲ੍ਹਾ ਮੁੱਖ ਸਲਾਹਕਾਰ, ਭਗਵਾਨ ਦਾਸ ਜਿਲ੍ਹਾ ਪ੍ਰੈੱਸ ਸਕੱਤਰ, ਜਗਸੀਰ ਸਿੰਘ ਜਿਲ੍ਹਾ ਪ੍ਹਧਾਨ ਮ.ਪ.ਹੈ.ਇੰਮ.ਯੂਨੀਅਨ ਮੇਲ/ ਫੀਮੇਲ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਆਲਮਵਾਲਾ ਆਦਿ ਆਗੂ ਹਾਜ਼ਿਰ ਸਨ। Author: Malout Live