District NewsMalout News

ਡਾ. ਨਵਜੋਤ ਕੌਰ ਸਿਵਲ ਸਰਜਨ ਵੱਲੋਂ ਟੀਕਾਕਰਨ ਪ੍ਰੋਗਰਾਮ ਅਧੀਨ ਲਗਾਏ ਗਏ ਕੈਂਪਾਂ ਦਾ ਲਿਆ ਗਿਆ ਜਾਇਜਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਹਤ ਵਿਭਾਗ ਵੱਲੋਂ ਟੀਕਾਕਰਨ ਪ੍ਰੋਗਰਾਮ ਅਧੀਨ ਜਿਲ੍ਹੇ ਵਿੱਚ ਹਰ ਬੁੱਧਵਾਰ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਸ ਸੰਬੰਧ ਵਿੱਚ ਡਾ. ਨਵਜੋਤ ਕੌਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸੀ.ਐੱਚ.ਸੀ ਦੋਦਾ ਅਤੇ ਗਿੱਦੜਬਾਹਾ ਵਿਖੇ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਮਾਂ ਦੀ ਗਰਭ ਦੌਰਾਨ ਦੇਖ-ਭਾਲ ਦੇ ਨਾਲ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਜਣੇਪੇ ਕੀਤੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਮਾਰੂੰ ਬਿਮਾਰੀਆਂ ਤੋਂ ਬਚਾਉਣ ਲਈ ਜਨਮ ਤੋਂ ਹੀ ਮੁਫਤ ਟੀਕਾਕਰਨ ਸ਼ੁਰੂ ਕੀਤਾ ਜਾਂਦਾ ਹੈ ਅਤੇ ਹਰ ਬੁੱਧਵਾਰ ਸਾਰੇ ਜਿਲ੍ਹੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ ਬੱਚਿਆਂ ਦਾ ਟੀਕਰਕਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੁਣ ਵਧਾ ਕੇ 12 ਮਾਰੂੰ ਬਿਮਾਰੀਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ ਜੋ ਕਿ ਵਧੀਆ ਕੁਆਲਿਟੀ ਦੀ ਵੈਕਸੀਨ ਨਾਲ ਕੀਤਾ ਜਾਂਦਾ ਹੈ ਅਤੇ

ਵੈਕਸੀਨ ਦੇ ਰੱਖ ਰਖਾਵ ਦੀ ਆਨਲਾਈਨ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਜੋ ਵੈਕਸੀਨ ਦੀ ਗੁਣਵੱਤਾ ਬਰਕਰਾਰ ਰੱਖੀ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਜਾਂ ਆਪਣੇ ਨੇੜੇ ਦੇ ਘਰ੍ਹਾਂ ਦੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਕਿਉਕਿ ਜੇਕਰ ਕੁੱਝ ਬੱਚੇ ਮੁਕੰਮਲ ਟੀਕਾਕਰਨ ਤੋਂ ਵਾਂਝੇ ਰਹਿ ਜਾਂਦੇ ਹਨ ਤਾਂ ਉਸ ਬਿਮਾਰੀ ਦਾ ਖਤਰਾ ਸਮਾਜ ਤੇ ਬਣਿਆ ਰਹਿੰਦਾ ਹੈ। ਇਸ ਲਈ ਕਿਸੇ ਵੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਸਮਾਜ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਜ਼ਰੂਰੀ ਹੈ। ਇਸ ਲਈ ਪੋਲੀਓ ਅਤੇ ਹੋਰ ਬਿਮਾਰੀਆਂ ਨੂੰ ਸਮਾਜ ਵਿੱਚੋਂ ਜੜ੍ਹ ਤੋਂ ਖਤਮ ਕਰਨ ਲਈ ਆਪਣੇ ਅਤੇ ਸਮਾਜ ਦੇ ਸਾਰੇ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਇਸ ਸਮੇਂ ਉਨ੍ਹਾਂ ਸਿਵਲ ਹਸਪਤਾਲ ਗਿੱਦੜਬਾਹਾ ਅਤੇ ਸੀ.ਐੱਚ.ਸੀ ਦੋਦਾ ਅਧੀਨ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਦਾ ਜਾਇਜ਼ਾ ਲਿਆ ਅਤੇ ਸਟਾਫ ਨੂੰ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਨ ਲਈ ਕਿਹਾ। ਇਸ ਮੌਕੇ ਡਾ. ਰਸ਼ਮੀ ਚਾਵਲਾ ਐੱਸ.ਐੱਮ.ਓ ਗਿੱਦੜਬਾਹਾ, ਭੁਪਿੰਦਰ ਸਿੰਘ ਸਟੈਨੋ, ਵੀਰਪਾਲ ਕੌਰ ਏ.ਐੱਨ.ਐੱਮ, ਆਸ਼ਾ ਵਰਕਰ ਅਤੇ ਸਟਾਫ ਹਾਜ਼ਿਰ ਸੀ।

Author: Malout Live

Back to top button