ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੈਦੀਆਂ ਹਵਾਲਾਤੀਆਂ ਨੂੰ ਸਫਾਈ ਰੱਖਣ ਲਈ ਜੇਲ ਵਿਚ ਲਗਾਇਆ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ :- ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੇ ਚੇਅਰਪਰਸਨ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਸੁਖਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਥਾਰਟੀ ਵੱਲੋਂ ਜ਼ਿਲਾ ਜੇਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕੈਦੀਆਂ/ਹਵਾਲਾਤੀਆਂ ਨੂੰ ਨਿੱਜੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕਰਨ ਲਈ ਇੱਕ ਸੈਮੀਨਾਰ ਲਾਇਆ ਗਿਆ, ਜਿਸ ਦੀ ਪ੍ਰਧਾਨਗੀ ਅਥਾਰਟੀ ਦੇ ਸਕੱਤਰ ਸ. ਪਿ੍ਰਤਪਾਲ ਸਿੰਘ, ਚੀਫ਼ ਜੁਡੀਸ਼ਲ ਮੈਜਿਸਟਰੇਟ ਦੁਆਰਾ ਕੀਤੀ ਗਈ।
ਇਸ ਮੌਕੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਕੈਦੀਆਂ/ਹਵਾਲਾਤੀਆਂ ਨੂੰ ਨਿੱਜੀ ਸਫਾਈ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। ਉਸ ਮਗਰੋਂ ਕੈਦੀਆਂ/ਹਵਾਲਾਤੀਆਂ ਦਾ ਧਿਆਨ ਸਰੀਰਕ ਤੰਦਰੁਸਤੀ ਵੱਲ ਕਰਨ ਲਈ ਅਥਾਰਟੀ ਵੱਲੋਂ ਜ਼ਿਲਾ ਜੇੇਲ ਵਿੱਚ ਇੱਕ ਵਾਲੀਬਾਲ ਖੇਡ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਕੈਦੀਆਂ/ਹਵਾਲਾਤੀਆਂ ਦੇ ਨਾਲ ਜੇਲ ਪ੍ਰਸ਼ਾਸਨ ਨੇ ਵੀ ਭਾਗ ਲਿਆ। ਖੇਡ ਮੁਕਾਬਲਾ ਖਤਮ ਹੋਣ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਨਸ਼ਾਖੋਰੀ ਤੋਂ ਬਚਣ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਸਬੰਧੀ ਬੰਦੀਆਂ ਵੱਲੋਂ ਤਿਆਰ ਕੀਤਾ ਇੱਕ ਨਾਟਕ ਵੀ ਖੇਡਿਆ ਗਿਆ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਰਾਹੀਂ ਕੈਦੀਆਂ/ਹਵਾਲਾਤੀਆਂ ਨੂੰ ਸਮਾਜ ਵਿੱਚ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਸੀ.ਜੇ.ਐਮ. ਨੇ ਦੱਸਿਆ ਕਿ ਜ਼ਿਲਾ ਜੇਲ, ਸ੍ਰੀ ਮੁਕਤਸਰ ਸਾਹਿਬ ਵਿਖੇ ਕੈਦੀਆਂ/ਹਵਾਲਾਤੀਆਂ ਨੂੰ ਇੱਕ ਚੰਗਾ ਵਿਅਕਤੀ ਬਣਾਉਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਅਗਲੀ ਕੌਮੀ ਲੋਕ ਅਦਾਲਤ 14 ਦਸੰਬਰ 2019 ਨੂੰ ਲਗਾਈ ਜਾਣੀ ਹੈ ਅਤੇ ਕਾਨੂੰਨੀ ਸਹਾਇਤਾ ਲਈ ਟੌਲ ਫ੍ਰੀ ਨੰਬਰ 1968 ’ਤੇ ਸੰਪਰਕ ਕੀਤਾ ਜਾ ਸਕਦਾ ਹੈ।