ਜਿਲਾ ਐਕਸਪੋਰਟ ਪਰਮੋਸ਼ਨ ਕਮੇਟੀ ਦੀ ਹੋਈ ਮੀਟਿੰਗ
ਸ੍ਰੀ ਮੁਕਤਸਰ ਸਾਹਿਬ :- ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਜਿਲਾ ਐਕਸਪੋਰਟ ਪਰਮੋਸ਼ਨ ਕਮੇਟੀ ਦੀ ਮੀਟਿੰਗ ਹੋਈ ਇਸ ਮੋਕੇ ਪ੍ਰਧਾਨ ਜੀ ਵੱਲੋਂ ਸਭ ਤੋਂ ਪਹਿਲਾਂ ਮੀਟਿੰਗ ਵਿੱਚ ਆਏ ਸਾਰੇ ਅਹੁਦੇਦਾਰਾਂ ਅਤੇ ਉਦਯੋਗਪਤੀਆਂ ਦਾ ਸਵਾਗਤ ਕੀਤਾ ਗਿਆ ਅਤੇ ਸੰਖੇਪ ਵਿੱਚ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਨਿਰਯਾਤ ਹੋਣ ਵਾਲੀਆਂ ਵਸਤੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਜਨਰਲ ਵਿਦੇਸ਼ ਵਪਾਰ ਨਵਤੇਜ ਸਿੰਘ ਵੀ ਹਾਜਰ ਰਹੇ ਅਤੇ ਉਦਯੋਗਪਤੀਆਂ ਵੱਲੋ ਉਨਾਂ ਨੂੰ ਨਿਰਯਾਤ ਵਿੱਚ ਆ ਰਹੀਆਂ ਮੁਸ਼ਕਿਲਾਂ, ਨਿਰਯਾਤ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ।ਮੀਟਿੰਗ ਦੇ ਕਨਵੀਨਰ ਜਗਵਿੰਦਰ ਸਿੰਘ, ਜਨਰਲ ਮੈਨੇਜਰ,ਜਿਲਾ ਉਦਯੋਗ ਕੇਂਦਰ ਵੱਲੋਂ ਦੱਸਿਆ ਗਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚੋਂ ਪੇਪਰ ਪ੍ਰੋਡਕਟਸ,ਐਗਰੀਕਲਚਰ ਇੰਪਲੀਮੈਂਟਸ, ਫੈਨ ਬੈਲਟ, ਕੌਟਨ ਯਾਰਨ ਆਦਿ ਦਾ ਨਿਰਯਾਤ ਕੀਤਾ ਜਾਂਦਾ ਹੈ ਅਤੇ ਉਹਨਾ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਨਿਰਯਾਤ ਸਬੰਧੀ ਸਹੂਲਤਾਂ ਦਿੱਤੀਆਂ ਜਾਣ ਤਾਂ ਨਿਰਯਾਤ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਕਨਵੀਨਰ ਵੱਲੋਂ ਵੱਖ-ਵੱਖ ਮੌਜੂਦ ਉਦਯੋਗਪਤੀਆਂ ਨੂੰ ਨਿਰਯਾਤ ਸਬੰਧੀ ਆਪਣੇ ਸੁਝਾਅ ਪੇਸ਼ ਕਰਨ ਲਈ ਕਿਹਾ ਗਿਆ। ਪ੍ਰੇਮ ਗੋਇਲ ਰਾਈਸ ਸ਼ੈਲਰ ਐਸੋਸੀਏਸ਼ਨ,ਮਲੋਟ ਦੇ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਰਾਈਸ ਸ਼ੈਲਰਜ਼ ਵੱਲੋਂ ਬਾਸਮਤੀ ਚਾਵਲ ਨਿਰਯਾਤ ਕੀਤਾ ਜਾਂਦਾ ਹੈ, ਜਦੋਂ ਕਿ ਜਿਲੇ ਵਿੱਚ ਬਾਸਮਤੀ ਦਾ ਉਤਪਾਦਨ ਘੱਟ ਹੈ ਅਤੇ ਇਸਦੀ ਬਜਾਏ ਪਰਮਲ ਦੀ ਪੈਦਾਵਾਰ ਜਿਆਦਾ ਹੁੰਦੀ ਹੈ। ਨਿਰਯਾਤ ਕਰਨ ਵੇਲੇ ਬਾਸਮਤੀ ਖਰੀਦ ਦੀ ਮਾਰਕੀਟ ਫੀਸ ਸਿਰਫ 2% ਹੈ ਜਦਕਿ ਪਰਮਲ ਦੀ 6% ਹੈ। ਇਸ ਸਬੰਧ ਵਿੱਚ ਸਰਕਾਰ ਨਾਲ ਪਰਮਲ ਨੂੰ ਨਿਰਯਾਤ ਕਰਨ ਵਾਸਤੇ ਲਿਖਿਆ ਗਿਆ ਹੈ, ਜੇਕਰ ਪਰਮਲ ਦੀ ਨਿਰਯਾਤ ਡਿਊਟੀ ਘਟਾ ਕੇ ਬਾਸਮਤੀ ਚਾਵਲ ਦੇ ਬਰਾਬਰ ਆ ਜਾਂਦੀ ਹੈ ਅਤੇ ਪਰਮਲ ਦਾ ਨਿਰਯਾਤ ਖੁੱਲ ਜਾਂਦਾ ਹੈ ਤਾਂ ਇਸ ਨਾਲ ਰਾਈਸ ਸ਼ੈਲਰ ਉਦਯੋਗ ਵਿੱਚ ਨਿਰਯਾਤ ਦੀ ਸੰਭਾਵਨਾ ਬਹੁਤ ਵਧ ਜਾਵੇਗੀ। ਇਸ ਮੋਕੇ ਸੁਖਮੰਦਰ ਗਿੱਲ ਜੋਕਿ ਉਦਯੋਗਿਕ ਫੋਕਲ ਪੁਆਇੰਟ ਦਾਨੇਵਾਲਾ(ਮਲੋਟ) ਵਿਖੇ ਬਣੀ ਸੁਸਾਇਟੀ ਦੇ ਚੇਅਰਮੈਨ ਹਨ ਵੱਲੋਂ ਵੀ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਸੁਝਾਅ ਪੇਸ਼ ਕੀਤੇ ਗਏ, ਜਿਸ ਵਿੱਚ ਉਨਾਂ ਵੱਲੋਂ ਦੱਸਿਆ ਗਿਆ ਕਿ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਬਿਜ਼ਨਸ ਇੰਨਸੈਂਟਿਵਸ ਨੂੰ ਵਧਾਉਣਾ ਚਾਹੀਦਾ ਹੈ।ਪਹਿਲਾਂ ਡਰਾਅਬੈਕ ਡਿਊਟੀ 8% ਸੀ ਜਿਸਨੂੰ ਕਿ ਹੁਣ ਘਟਾ ਕੇ 1.6% ਕਰ ਦਿੱਤਾ ਗਿਆ ਹੈ, ਜੋਕਿ ਨਿਰਯਾਤ ਵਿੱਚ ਬਹੁਤ ਵੱਡੀ ਰੁਕਾਵਟ ਹੈ। ਉਨਾਂ ਵੱਲੋਂ ਕਿਹਾ ਗਿਆ ਕਿ ਲੋਕਲ ਬੈਂਕ ਦੇ ਸਟਾਫ ਦਾ ਨਿਰਯਾਤ ਪ੍ਰਤੀ ਰਵੱਈਆ ਸਹਿਯੋਗੀ ਨਹੀਂ ਹੈ, ਢੋਆ-ਢੁਆਈ ਦੇ ਵੱਧ ਖਰਚੇ ਬਾਰੇ, ਨਿਰਯਾਤ ਦੀ ਯੋਗਤਾ ਵਾਲੇ ਸਟਾਫ ਨਾ ਮਿਲਣ ਬਾਰੇ ਵੀ ਦੱਸਿਆ ਗਿਆ ਅਤੇ ਉਨਾਂ ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਕਿ ਭਾਰਤ ਸਰਕਾਰ ਵੱਲੋਂ ਐਸ.ਐਸ.ਆਈ ਇਕਾਈਆਂ ਨੂੰ ਜ਼ੋਨ ਮੁਤਾਬਕ ਨਿਰਯਾਤ ਦੀ ਸਿਖਲਾਈ ਦੇ ਕੋਰਸ ਵੀ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ।