ਡਿਪਟੀ ਕਮਿਸ਼ਨਰ ਨੇ ਅਵਾਰਾ ਕੁੱਤਿਆਂ ਦੀ ਸਮੱਸਿਆਂ ਨਾਲ ਨਜਿੱਠਣ ਲਈ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਮਲੋਟ:- ਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਿ਼ਲ੍ਹੇ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਅਹਿਮ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਮੈਡਮ ਰਾਜਦੀਪ ਕੌਰ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ਼੍ਰੀ ਸੁਰਿੰਦਰ ਸਿੰਘ ਢਿਲੋਂ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ), ਤਹਿਸੀਲਦਾਰ ਸ਼੍ਰੀ ਅਨਿਲ ਕੁਮਾਰ, ਸ਼੍ਰੀ ਕ੍ਰਿਸ਼ਨ ਲਾਲ ਸੰਮੀ ਤੇਰੀਆ ਪ੍ਰਧਾਨ ਨਗਰ ਕੌਸਲ, ਸ਼੍ਰੀ ਬਿਪਨ ਕੁਮਾਰ ਕਾਰਜ ਸਾਧਕ ਅਫਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਸੰਖਿਆ ਲੋਕਾਂ ਲਈ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ, ਇਸ ਸਮੱਸਿਆ ਤੇ ਕਾਬੂ ਪਾਉਣਾ ਜਿ਼ਲ੍ਹਾ ਪ੍ਰਸ਼ਾਸਨ ਦੀ ਅਹਿਮ ਜਿੰਮੇਵਾਰੀ ਹੈ। ਉਹਨਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਲਈ ਐਨੀਮਲ ਵੈਲਫੇਅਰ ਹੋਮ ਸੰਸਥਾਂ ਨੂੰ ਭਾਰਤ ਸਰਕਾਰ ਪਾਸੋ ਰਜਿਸਟਰਡ ਹੋਣਾ ਜਰੂਰੀ ਹੈ

ਅਤੇ ਇਹਨਾਂ ਅਵਾਰਾ ਕੁੱਤਿਆਂ ਦੀ ਭਲਾਈ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪਸ਼ੂ ਪ੍ਰੇਮੀਆਂ ਦੀ ਤਾਲਮੇਲ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਵੱਧ ਰਹੀ ਸੰਖਿਆ ਤੇ ਕਾਬੂ ਪਾਉਣ ਲਈ ਬੂੜਾ ਗੁਜਰ ਰੋਡ ਵਿਖੇ ਨਗਰ ਕੌਸਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਐਨੀਮਲ ਵੈਲਫੇਅਰ ਸੈਲਟਰ ਦੀ ਸਥਾਪਨਾ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਤਰ੍ਹਾਂ ਦੇ ਸੈਲਟਰ ਮਲੋਟ, ਗਿੱਦੜਬਾਹਾ ਵਿਖੇ ਵੀ ਬਣਾਏ ਜਾਣਗੇ। ਉਹਨਾਂ ਸਮਾਜ ਸੇਵੀ ਸੰਸਥਾਵਾਂ, ਪਸ਼ੂ ਅਤੇ ਕੁੱਤੇ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਜੋ ਵੀ ਇਹਨਾਂ ਐਨੀਮਲ ਸੈਲਟਰ ਨੂੰ ਚਲਾਉਣ ਦੇ ਚਾਹਵਾਨ ਹੋਣ, ਉਹ ਆਪਣੀਆਂ ਅਰਜ਼ੀਆ ਜਿ਼ਲ੍ਹਾ ਪ੍ਰਸ਼ਾਸਨ ਨੂੰ ਦੇ ਸਕਦੇ ਹਨ ਅਤੇ ਉਹਨਾਂ ਨੂੰ ਸਰਕਾਰੀ ਹਦਾਇਤਾਂ ਅਨੁਸਾਰ ਪ੍ਰਤੀ ਕੁੱਤੇ ਦੇ ਹਿਸਾਬ ਨਾਲ ਰਕਮ ਦੀ ਅਦਾਇਗੀ ਕੀਤੀ ਜਾਵੇਗੀ। ਉਹਨਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲ ਅਤੇ ਫੀਮੇਲ ਕੁੱਤਿਆਂ ਦੀ ਨਸਬੰਦੀ ਲਈ ਆਪਣੇ ਵਿਭਾਗ ਦੇ ਡਾਕਟਰਾਂ ਲਈ ਟਰੇਨਿੰਗ ਦਾ ਪ੍ਰਬੰਧ ਕਰਵਾਉਣ ਤਾਂ ਜੋ ਅਵਾਰਾ ਕੁੱਤਿਆਂ ਦੇ ਅਪਰੇਸ਼ਨ ਕਰ ਸਕਣ ਅਤੇ ਕੁੱਤਿਆਂ ਦੀ ਵੱਧ ਰਹੀ ਸੰਖਿਆ ਤੇ ਕੰਟਰੋਲ ਕੀਤਾ ਜਾ ਸਕੇ।