CUT, COPY ਤੇ PASTE ਕਾਢ ਕੱਢਣ ਵਾਲੇ ਵਿਗਿਆਨੀ ਦਾ ਦਿਹਾਂਤ

ਵਾਸ਼ਿੰਗਟਨ:- ਕੰਪਿਊਟਰ ਵਿਚ ਕੱਟ ,ਕਾਪੀ ਤੇ ਪੇਸਟ ਦੀ ਕਮਾਂਡ ਦੀ ਕਾਢ ਕੱਢਣ ਵਾਲੇ ਕੰਪਿਊਟਰ ਵਿਗਿਆਨੀ ਲੈਰੀ ਟੇਸਲਰ ਦਾ 74 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਟੇਸਲਰ ਨੇ 1960 ਦੇ ਦਹਾਕੇ ਦੀ ਸ਼ੁਰੂਆਤ ਵਿਚ ਸਿਲੀਕਾਨ ਵੈਲੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਉਹ ਦੌਰ ਸੀ ਜਦੋਂ ਕੰਪਿਊਟਰ ਜ਼ਿਆਦਾਤਰ ਲੋਕਾਂ ਦੀ ਪਹੁੰਚ ਤੋਂ ਕਾਫੀ ਦੂਰ ਸੀ। ਟੇਸਲਰ ਦੀ ਕੱਟ, ਕਾਪੀ ਤੇ ਪੇਸਟ ਕਮਾਂਡ ਉਦੋਂ ਮਸ਼ਹੂਰ ਹੋਈ ਜਦੋਂ ਇਸ ਨੂੰ ਸਾਲ 1983 ਵਿਚ ਐਪਲ ਦੇ ਸਾਫਟਵੇਅਰ ਵਿਚ ਲਿਸਾ ਕੰਪਿਊਟਰ 'ਤੇ ਸ਼ਾਮਲ ਕੀਤਾ ਗਿਆ। ਕੰਪਿਊਟਰ 'ਤੇ ਕੰਮ ਕਰਨ ਦੌਰਾਨ CUT, COPY, PASTE ਦੀ ਕਮਾਂਡ ਦੀ ਕੀ ਮਹੱਤਤਾ ਹੁੰਦੀ ਹੈ ਇਹ ਸਾਰੇ ਜਾਣਦੇ ਹਨ। ਇਸ ਕਮਾਂਡ ਦੇ ਬਿਨਾਂ ਕੰਪਿਊਟਰ 'ਤੇ ਕੰਮ ਕਰਨਾ ਸੰਭਵ ਨਹੀਂ। ਟੇਸਲਰ ਦੀ ਇਸ ਖੋਜ ਨੇ ਲੋਕਾਂ ਲਈ ਨਿੱਜੀ ਕੰਪਿਊਟਰ ਦੀ ਵਰਤੋਂ ਕਰਨੀ ਕਾਫੀ ਆਸਾਨ ਬਣਾ ਦਿੱਤੀ। ਇਸ ਦੇ ਇਲਾਵਾ ਉਹਨਾਂ ਨੇ Find ਅਤੇ replace ਜਿਹੀਆਂ ਕਈ ਕਮਾਡਾਂ ਬਣਾਈਆਂ, ਜਿਹਨਾਂ ਨਾਲ ਟੈਕਸਟ ਲਿਖਣ ਤੋਂ ਲੈ ਕੇ ਸਾਫਟਵੇਅਰ ਡਿਵੈਲਪ ਕਰਨ ਜਿਹੇ ਕਈ ਕੰਮ ਆਸਾਨ ਹੋ ਗਏ। ਜੇਰਾਕਸ (Xerox) ਨੇ ਟਵੀਟ ਕਰ ਕੇ ਟੇਸਲਰ ਨੂੰ ਸ਼ਰਧਾਂਜਲੀ ਦਿੱਤੀ ਹੈ। ਅਮਰੀਕੀ ਕੰਪਨੀ ਜੇਰਾਕਸ ਵਿਚ ਉਹਨਾਂ ਨੇ ਕਾਫੀ ਸਮਾਂ ਤੱਕ ਕੰਮ ਕੀਤਾ ਸੀ। ਕੰਪਨੀ ਦੇ ਟਵੀਟ ਵਿਚ ਲਿਖਿਆ ਹੈ,''ਕੱਟ, ਕਾਪੀ, ਪੇਸਟ, ਫਾਈਂਡ, ਰਿਪਲੇਸ ਜਿਹੀਆਂ ਬਹੁਤ ਸਾਰੀਆਂ ਕਮਾਂਡ ਬਣਾਉਣ ਵਾਲੇ ਜੇਰਾਕਸ ਦੇ ਸਾਬਕਾ ਖੋਜੀ ਲੈਰੀ ਟੇਸਲਰ। ਜਿਸ ਸ਼ਖਸ ਦੀਆਂ ਕ੍ਰਾਂਤੀਕਾਰੀ ਖੋਜਾਂ ਨੇ ਤੁਹਾਡੇ ਰੋਜ਼ਾਨਾ ਦੇ ਕੰਮਾਂ ਨੂੰ ਬਹੁਤ ਆਸਾਨ ਬਣਾਇਆ, ਉਸ ਨੂੰ ਧੰਨਵਾਦ। ਲੈਰਾ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ।''