ਗਰਭਵਤੀ ਮਾਵਾਂ 1 ਜੂਨ ਤੋਂ ਘਰ ਬੈਠੇ ਹੀ ਲੈ ਸਕਣਗੀਆਂ ਗਾਇਨਾਕਾਲੋਜਿਸਟ ਦੀ ਸਲਾਹ: ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ:- ਕੋਵਿਡ-19 ਦੇ ਮੱਦੇਨਜ਼ਰ ਹਸਪਤਾਲਾਂ ਵਿੱਚ ਸਮਾਜਿਕ ਦੂਰੀ ਰੱਖਣ ਅਤੇ ਭੀੜ ਨਾ ਹੋਣ ਦੇਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਈ-ਸੰਜੀਵਨੀ ਓ.ਪੀ.ਡੀ. ਸ਼ੁਰੂ ਕੀਤੀ ਗਈ ਹੈ। ਇਸ ਈ-ਸੰਜੀਵਨੀ ਓ.ਪੀ.ਡੀ ਸਬੰਧੀ ਜਾਣਕਾਰੀ ਦਿੰਦਿਆਂ ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸ. ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਦੇ ਅਹਿਮ ਯਤਨਾਂ ਸਦਕਾ ਹੁਣ ਘਰ ਬੈਠੇ ਹੀ ਡਾਕਟਰੀ ਸਲਾਹ ਲੈ ਸਕਦੇ ਹੋ।
ਕੋਵਿਡ-19 ਦੇ ਮੱਦੇਨਜ਼ਰ ਸਰਕਾਰੀ ਹਸਪਤਾਲਾਂ ਵਿੱਚ ਭੀੜ ਹੋਣ ਤੋਂ ਰੋਕਣ ਲਈ, ਟੈਲੀਮੈਡੀਸਨ ਪ੍ਰੋਗਰਾਮ ਰਾਜ ਭਰ ਦੇ ਮਰੀਜ਼ਾਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ, ਕਿੳਂੂਕਿ ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਡਾਕਟਰੀ ਸਲਾਹ ਦੀ ਜਰੂਰਤ ਹੁੰਦੀ ਹੈ। ਇਹ ਸਕੀਮ ਬਜੁਰਗਾਂ ਅਤੇ ਗੰਭੀਰ ਬਿਮਾਰੀਆਂ ਨਾਲ ਗ੍ਰਹਿਸਤ ਵਿਅਕਤੀਆਂ ਲਈ ਵਰਦਾਨ ਸਿੱਧ ਹੋਵੇਗੀ। ਸਰਕਾਰੀ ਹਸਪਤਾਲ ਦੇ ਮਾਹਿਰ ਡਾਕਟਰਾਂ ਤੋਂ ਮਰੀਜ਼ ਇਹ ਸੇਵਾਵਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੈ ਸਕਦੇ ਹਨ। ਸਿਹਤ ਵਿਭਾਗ ਹੁਣ ਈ-ਸੰਜੀਵਨੀ ਸਕੀਮ ਰਾਹੀਂ ਆਮ ਬਿਮਾਰੀਆਂ ਤੋਂ ਇਲਾਵਾ ਜੱਚਾ ਬੱਚਾ ਸਿਹਤ ਸੰਭਾਲ ਸੇਵਾਵਾਂ (ਐਮ.ਸੀ.ਐਚ.) ਨੂੰ ਯਕੀਨੀ ਬਨਾਉਣ ਲਈ 1 ਜੂਨ ਤੋਂ ਗਾਇਨਾਕਾਲੋਜੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੀ ਪਹਿਲੀ ਤਿਮਾਹੀ ਤੱਕ ਹਸਪਤਾਲ ਤੋਂ ਲਾਗ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ ਹਸਪਤਾਲ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਵਿੱਚ ਗਰਭਵਤੀ ਔਰਤਾਂ ਦੇ ਪ੍ਰਬੰਧਨ ਲਈ ਇਹ ਸੇਵਾਵਾਂ ਬਹੁਤ ਮੱਦਦਗਾਰ ਸਾਬਿਤ ਹੋਣਗੀਆਂ। ਜਿਸ ਅਧੀਨ ਦਵਾਈ, ਖੁਰਾਕ ਅਤੇ ਆਮ ਦੇਖਭਾਲ ਦੀ ਸਲਾਹ ਦਿੱਤੀ ਜਾਵੇਗੀ। ਇਹ ਗਾਇਨੀਕਾਲੋਜੀ ਸੇਵਾਵਾਂ ਮਾਹਿਰ ਡਾਕਟਰਾਂ ਦੁਆਰਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 8 ਵਜੇ ਤੋਂ ਸਵੇਰੇ 9:30 ਵਜੇ ਤੱਕ ਉਪਲਬਧ ਹੋਣਗੀਆਂ। ਇਸ ਪ੍ਰੋਗ੍ਰਾਮ ਦੇ ਨੋਡਲ ਅਫ਼ਸਰ ਡਾ ਰੰਜੂ ਸਿੰਗਲਾ ਜਿਲਾ ਪਰਿਵਾਰ ਭਲਾਈ ਅਫ਼ਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਬੈਠੇ ਇਨਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਉਨਾਂ ਕਿਹਾ ਕਿ ਅਨਰਾਇਡ ਫੋਨ ਦੀ ਕੋਵਾ ਐਪ ਤੇ ਜਾ ਕੇ ਇਸ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ। ਇਸ ਸੇਵਾ ਦਾ ਲਾਭ ਲੈਣ ਲਈ ਈ-ਸੰਜੀਵਨੀ ਓਪੀਡੀ ਡਾਟ-ਇਨ ਤੇ ਲਾਗ-ਇਨ ਕਰਨਾ ਪਵੇਗਾ। ਉਹਨਾਂ ਦੱਸਿਆ ਕਿ ਮੋਬਾਇਲ, ਲੈਪਟਾਪ, ਆਈਪੈਡ ਰਾਹੀਂ ਮੋਬਾਇਲ ਨੰਬਰ ਤਸਦੀਕ ਹੋਣ ਤੋਂ ਬਾਅਦ ਨਵੇਂ ਮਰੀਜ਼ ਦੀ ਰਜਿਸ਼ਟ੍ਰੇਸ਼ਨ ਹੁੰਦੀ ਹੈ ਅਤੇ ਟੋਕਨ ਜਨਰੇਟ ਹੁੰਦਾ ਹੈ। ਉਸ ਤੋਂ ਬਾਅਦ ਨੋਟੀਫਿਕੇਸ਼ਨ ਪ੍ਰਾਪਤ ਹੋਣ ਤੋਂ ਬਾਅਦ ਲਾਗ-ਇਨ ਕਰਕੇ ਆਪਣੀ ਵਾਰੀ ਸਿਰ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ ਅਤੇ ਇਸ ਉਪਰੰਤ ਪਰਚੀ ਡਾਊਨਲਾਉੂਡ ਕਰਕੇ ਮੈਡੀਕਲ ਸਟੋਰ ਤੋਂ ਦਵਾਈ ਲਈ ਜਾ ਸਕਦੀ ਹੈ।