ਸਰਹਿੰਦ ਫੀਡਰ ਤੋਂ ਮਲੋਟ ਵਾਟਰ ਵਰਕਸ ਤੱਕ ਪਾਣੀ ਵਾਲੇ ਪਾਈਪ ਦੀ ਲਾਈਨ ਦੀ ਸਫਾਈ ਦਾ ਕੰਮ ਹੋਇਆ ਮੁਕੰਮਲ

ਮਲੋਟ: ਨਹਿਰੀ ਪਾਣੀ ਦੀ ਸਪਲਾਈ ਦੀ ਮਲੋਟ ਵਾਸੀਆਂ ਦੀ ਮੰਗ 23 ਅਕਤੂਬਰ ਨੂੰ ਪੂਰੀ ਹੋਣ ਜਾ ਰਹੀ ਹੈ । ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸ.ਡੀ.ਓ. ਰਾਕੇਸ਼ ਮੋਹਨ ਮੱਕੜ ਨੇ ਦੱਸਿਆ ਕਿ ਮਲੋਟ ਦੀ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ, ਮਲੋਟ ਨਗਰ ਕੌਂਸਲ ਦੇ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਦੇ ਯਤਨਾਂ ਸਦਕਾ ਸਰਹਿੰਦ ਫੀਡਰ ਤੋਂ ਮਲੋਟ ਵਾਟਰ ਵਰਕਸ ਤੱਕ ਪਾਣੀ ਵਾਲੇ ਪਾਈਪ ਦੀ ਲਾਈਨ ਦੀ ਸਫਾਈ ਲਗਭਗ ਮੁਕੰਮਲ ਹੋ ਚੁੱਕੀ ਹੈ। ਇਸ ਪਾਈਪ ਦੀ ਸਫ਼ਾਈ 'ਤੇ 55 ਲੱਖ ਰੁਪਏ ਦਾ ਖਰਚਾ ਆਇਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਪਾਈਪਾਂ ਦੀ ਸਫ਼ਾਈ ਨਾ ਹੋਣ ਕਾਰਨ ਬਾਰਡਰ ਫੀਡਰ ਤੋਂ ਬਹੁਤ ਘੱਟ ਪਾਣੀ ਆ ਰਿਹਾ ਸੀ, ਜਿਸ ਕਾਰਨ ਮਲੋਟ ਦੇ ਲੋਕਾਂ ਨੂੰ ਜ਼ਮੀਨਦੋਜ਼ ਪਾਣੀ ਅਤੇ ਨਹਿਰੀ ਪਾਣੀ ਨੂੰ ਮਿਲਾ ਕੇ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਸੀ ਪਰ ਹੁਣ ਪਾਈਪਾਂ ਦੀ ਸਫ਼ਾਈ ਹੋਣ ਤੋਂ ਬਾਅਦ ਸਾਰੇ ਨਹਿਰੀ ਪਾਣੀ ਨੂੰ ਪੀਣ ਵਾਲੇ ਪਾਣੀ ਵਜੋਂ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਮਲੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਵਰਤੋਂ ਘਰਾਂ ਦੀ ਸਫ਼ਾਈ, ਵਾਹਨ ਧੋਣ ਜਾਂ ਗਲੀਆਂ ਦੀ ਸਫ਼ਾਈ ਆਦਿ ਲਈ ਨਾ ਕਰਨ। Author: Malout Live