Malout News

ਕੌਮੀ ਅੱਖਾਂ ਦਾਨ ਪੰਦਰਵਾੜਾ ‘ਤੇ ਅੱਖਾਂ ਦਾਨ ਕਰ ਕੇ ਹਨੇਰੀ ਜ਼ਿੰਦਗੀ ‘ਚ ਕਰੋ ਰੋਸ਼ਨੀ- ਡਾ. ਸੁਨੀਲ ਬਾਂਸਲ

ਮਲੋਟ:- ‘ਅੱਖਾਂ ਗਈਆਂ ਜਹਾਨ ਗਿਆ’ ਕਥਨ ਅਨੁਸਾਰ ਅੱਖਾਂ ਦੀ ਰੋਸ਼ਨੀ ਚਲੇ ਜਾਣ ਪਿੱਛੋਂ ਵਿਅਕਤੀ ਲਈ ਜ਼ਿੰਦਗੀ ਹਨੇਰ ਜਾਪਣ ਲੱਗਦੀ ਹੈ। ਜ਼ਿੰਦਗੀ ਦੇ ਰੰਗ ਵੀ ਉਦੋਂ ਤੱਕ ਹੀ ਖ਼ੂਬਸੂਰਤ ਹਨ, ਜਦੋਂ ਤੱਕ ਅੱਖਾਂ ਸਲਾਮਤ ਹਨ। ਅੱਖਾਂ ਬਗ਼ੈਰ ਦੁਨੀਆ ਦੇ ਖ਼ੂਬਸੂਰਤ ਰੰਗ ਕਾਲੇ ਪੈ ਜਾਂਦੇ ਹਨ ਅਤੇ ਜ਼ਿੰਦਗੀ ਫਿੱਕੀ ਜਾਪਣ ਲੱਗਦੀ ਹੈ। ਅੱਖਾਂ ਰਾਹੀਂ ਹੀ ਵਿਅਕਤੀਆਂ ਜਾਂ ਵਸਤਾਂ ਨਾਲ ਸਾਡੀ ਪਹਿਲੀ ਜਾਣ-ਪਛਾਣ ਹੁੰਦੀ ਹੈ। ਅੱਖਾਂ ਤੋਂ ਸੱਖਣੇ ਅਣਗਿਣਤ ਲੋਕ ਜੋ ਇਸ ਦਰਦ ਨੂੰ ਹੰਢਾ ਰਹੇ ਹਨ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਰੁਸ਼ਨਾਉਣ ਲਈ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰਨ ਹਿੱਤ ਡਾ.ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਸੁਨੀਲ ਬਾਂਸਲ ਸੀਨਿਅਰ ਮੈਡੀਕਲ ਅਫ਼ਸਰ ਮਲੋਟ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਵਿਖੇ 25 ਅਗਸਤ ਤੋਂ 8 ਸਤੰਬਰ ਤੱਕ ਕੌਮੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਮੇਂ ਡਾ. ਸੁਨੀਲ ਬਾਂਸਲ ਨੇ ਦੱਸਿਆ ਕਿ ਸਰੀਰ ਦੇ ਦੂਜੇ ਅੰਗਾਂ  ਵਾਂਗ ਅੱਖਾਂ ਵੀ ਮਨੁੱਖੀ ਸਰੀਰ ਦਾ ਅਜਿਹਾ ਹਿੱਸਾ ਹਨ, ਜੋ ਕਿਸੇ ਲੋੜਵੰਦ ਵਿਅਕਤੀ ਨੂੰ ਸਮੇਂ ਸਿਰ ਮਿਲਣ ’ਤੇ ਉਸ ਦੀ ਬੇਨੂਰ ਜ਼ਿੰਦਗੀ ‘ਚ ਨੂਰ ਆ ਸਕਦਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਅੱਖਾਂ ’ਚ ਜੋ ਕਾਲਾ ਗੋਲ ਹਿੱਸਾ ਹੁੰਦਾ ਹੈ, ਉਸ ਨੂੰ ਕਾਰਨੀਆ (ਅੱਖ ਦੀ ਪਾਰਦਰਸ਼ਕ ਝਿੱਲੀ) ਕਿਹਾ ਜਾਂਦਾ ਹੈ। ਇਹ ਅੱਖ ਦਾ ਉਹ ਹਿੱਸਾ ਹੁੰਦਾ ਹੈ, ਜਿਸ ਕਾਰਨ ਅਸੀਂ ਬਾਹਰੀ ਚੀਜ਼ਾਂ ਨੂੰ ਦੇਖ ਸਕਦੇ ਹਾਂ। ਅੱਖਾਂ ਦੀ ਰੋਸ਼ਨੀ ਚਲੇ ਜਾਣ ਜਾਂ ਝਿੱਲੀ ਦੇ ਪ੍ਰਭਾਵਿਤ ਹੋਣ ਦੇ ਮੁੱਖ ਕਾਰਨ ਕੁਪੋਸ਼ਣ, ਸੱਟ ਲੱਗਣਾ, ਜਮਾਂਦਰੂ ਬਿਮਾਰੀ ਤੇ ਲਾਗ ਆਦਿ ਹੋ ਸਕਦੇ ਹਨ। ਇਸ ਸਮੇਂ ਸੁਖ਼ਨਪਾਲ ਸਿੰਘ ਨੇਂ ਲੋਕਾਂ ਨੂੰ ਦੱਸਿਆ ਕਿ ਮੌਤ ਤੋਂ 6 ਘੰਟਿਆਂ ਦੇ ਵਿੱਚ ਹੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ ਅਤੇ ਉਹ ਵਿਅਕਤੀ ਜਿਹੜੇ ਏਡਜ਼, ਹੈਪੇਟਾਈਟਸ-ਬੀ ਜਾਂ ਸੀ, ਰੇਬੀਜ਼, ਟੈਟਨਸ, ਮਲੇਰੀਆ, ਡੇਂਗੂ, ਸੈਪਟੀਸੀਮੀਆ, ਬਲੱਡ ਕੈਂਸਰ, ਅੱਖਾਂ ਦਾ ਕੈਂਸਰ ਆਦਿ ਤੋਂ ਪੀੜ੍ਹਿਤ ਹਨ, ਉਹ ਆਪਣੀਆਂ ਅੱਖਾਂ ਦਾਨ ਨਹੀਂ ਕਰ ਸਕਦੇ। ਉਮਰ, ਲਿੰਗ, ਬਲੱਡ ਗਰੁੱਪ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਾਨੀ ਹੋ ਸਕਦਾ ਹੈ। ਜਿਹੜੇ ਲੋਕ ਘੱਟ ਨਜ਼ਰ ਜਾਂ ਇੱਥੋਂ ਤਕ ਕਿ ਜਿਹੜੇ ਲੋਕ ਲੈਂਜ਼ ਜਾਂ ਐਨਕਾਂ ਦੀ ਵਰਤੋਂ ਕਰਦੇ ਹਨ, ਉਹ ਵੀ ਆਪਣੀਆਂ ਅੱਖਾਂ ਦਾਨ ਕਰ ਸਕਦੇ ਹਨ। ਅੱਖਾਂ ਦਾਨ ਕਰਨ ਲਈ ਜ਼ਰੂਰੀ ਹੈ ਕਿ ਚਾਹਵਾਨ ਵਿਅਕਤੀ ਆਪਣਾ ਨਾਮ ਅੱਖਾਂ ਦੇ ਬੈਂਕ ਜਾਂ ਨੇੜਲੇ ਹਸਪਤਾਲ ’ਚ ਦਰਜ ਕਰਵਾਏ। ਇਸ ਤੋਂ ਇਲਾਵਾ ਇਹ ਵੀ ਜ਼ਰੂਰੀ ਹੈ ਕਿ ਵਿਅਕਤੀ ਦੀ ਮੌਤ ਤੋਂ ਤੁਰੰਤ ਬਾਅਦ ਰਿਸ਼ਤੇਦਾਰ ਇਸ ਸੰਬੰਧੀ ਨੇੜਲੇ ਅੱਖਾਂ ਦੇ ਬੈਂਕ ਨੂੰ ਸੂਚਿਤ ਕਰਨ। ਹੁਣ ਅੱਖਾਂ ਦਾਨ ਕਰਨ ਦੇ ਕੋਈ ਵੀ ਚਾਹਵਾਨ ਵਿਅਕਤੀ ਆਪਣੇ ਆਪ ਆਨਲਾਈਨ ਵੈੱਬਸਾਈਟ ਤੇ ਘਰ ਬੈਠੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਸਮੇਂ ਡਾ. ਕਾਮਨਾ ਜਿੰਦਲ, ਡਾ. ਆਕ੍ਰਿਤੀ, ਹਰਜੀਤ ਸਿੰਘ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਿਰ ਸਨ।

Author: Malout Live

Leave a Reply

Your email address will not be published. Required fields are marked *

Back to top button