ਬਟਾਲਾ ਪਟਾਕਾ ਫ਼ੈਕਟਰੀ ‘ਚ ਜ਼ਬਰਦਸਤ ਧਮਾਕਾ: ਹੁਣ ਤੱਕ 23 ਮੌਤਾਂ, ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ

ਬਟਾਲਾ:- ਬਟਾਲਾ ‘ਚ ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਧਮਾਕਾ ਹੋਣ ‘ਤੇ ਵੱਡਾ ਹਾਦਸਾ ਵਾਪਰ ਗਿਆ ਹੈ। ਜਿਸ ਕਾਰਨ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਧਮਾਕੇ ਮਗਰੋਂ ਮੌਕੇ ‘ਤੇ ਮੌਜੂਦ ਲੋਕਾਂ ‘ਚ ਭਾਜੜਾਂ ਪੈ ਗਈਆਂ। ਲੋਕ ਜਾਨ ਬਚਾਉਣ ਲਈ ਇੱਧਰ ਉਧਰ ਭੱਜਣ ਲੱਗ ਗਏ।ਇਸ ਹਾਦਸੇ ‘ਚ 23 ਲੋਕਾਂ ਦੀ ਮੌਤ ਹੋ ਗਈ। ਦਰਜਨ ਤੋਂ ਵੱਧ ਗ਼ੰਭੀਰ ਹੋਏ ਜ਼ਖ਼ਮੀ ਲੋਕਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਦਾਖ਼ਲ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਫ਼ਾਇਰ ਬ੍ਰਿਗੇਡ ਵੱਲੋ ਅੱਗ ‘ਤੇ ਕਾਬੂ ਪਾਇਆ ਗਿਆ। ਪੀੜ੍ਹਤ ਲੋਕਾਂ ਨੂੰ ਪੁਲਿਸ ਬਾਹਰ ਕੱਢਣ ‘ਚ ਜੁਟੀ ਹੋਈ ਹੈ। ਹਾਦਸੇ ਦੇ ਅਸਲ ਕਾਰਨ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ। ਪੰਜਾਬ ਸਰਕਾਰ ਵਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਜਿਸ ਦੌਰਾਨ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣਗੇ। ਧਮਾਕੇ ਕਾਰਨ ਫੈਕਟਰੀ ਦੇ ਆਸ-ਪਾਸ ਦੀਆਂ ਦੁਕਾਨਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਦੁਕਾਨਾਂ ਦੇ ਸ਼ੀਸ਼ੇ ਪੂਰੀ ਤਰ੍ਹਾਂ ਟੁੱਟ ਕੇ ਚਕਨਾਚੂਰ ਹੋ ਗਏ ਹਨ। ਉੱਥੇ ਹੀ ਲੋਕ ਫੈਕਟਰੀ ਨੇੜੇ ਵੱਡੀ ਗਿਣਤੀ 'ਚ ਬੀਤੀ ਸ਼ਾਮ ਤੋਂ ਹੀ ਇਕੱਠੇ ਹੋਏ ਹਨ।