ਲਾਂਘਾ ਖੋਲ੍ਹਣ ਤੋਂ ਪਹਿਲਾਂ ਪਾਕਿਸਤਾਨ ਨੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਗਲੇ ਮਹੀਨੇ ਪਾਕਿਸਤਾਨ ਵਿੱਚ ਕਰਾਏ ਜਾਣ ਵਾਲੇ ਸਮਾਗਮਾਂ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਜਾਣਕਾਰੀ ਮੁਤਾਬਕ ਇਸ ਯੂਨੀਵਰਸਿਟੀ 'ਤੇ 500 ਕਰੋੜ ਦੀ ਲਾਗਤ ਆਏਗੀ। ਇਹ ਯੂਨੀਵਰਸਿਟੀ ਉੱਤਰ-ਪੂਰਬੀ ਪੰਜਾਬ ਸੂਬੇ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਸਥਾਪਿਤ ਕੀਤੀ ਜਾਏਗੀ ਜੋ ਕਿ ਗੁਰੂ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ। ਇਹ ਰਾਜਧਾਨੀ ਲਾਹੌਰ ਤੋਂ ਲਗਪਗ 75 ਕਿਲੋਮੀਟਰ (46 ਮੀਲ) ਦੀ ਦੂਰੀ 'ਤੇ ਸਥਿਤ ਹੈ। ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, 'ਇੱਕ ਵਿਦਿਅਕ ਸੰਸਥਾ ਦੀ ਸਥਾਪਨਾ ਕਰਨਾ ਬਾਬਾ ਗੁਰੂ ਨਾਨਕ ਜੀ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਸਿੱਖਿਆ ਰਾਸ਼ਟਰਾਂ ਦੀ ਸਫਲਤਾ ਦੀ ਕੁੰਜੀ ਹੈ।' ਖ਼ਾਨ ਨੇ ਕਿਹਾ ਕਿ ਕਰਤਾਰਪੁਰ ਸਿੱਖਾਂ ਦਾ ਮਦੀਨਾ ਹੈ ਜਦਕਿ ਨਨਕਾਣਾ ਉਨ੍ਹਾਂ ਲਈ ਮੱਕਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਹਿਣਾ ਹੈ ਕਿ ਰਿਸ਼ਤੇ ਕਿੰਨੇ ਵੀ ਤਣਾਅਪੂਰਨ ਹਨ, ਅਸੀਂ ਸਿੱਖਾਂ ਨੂੰ ਇੱਥੇ ਆਉਣ ਤੋਂ ਕਦੇ ਨਹੀਂ ਰੋਕਾਂਗੇ।