ਸੇਵਾ ਕੇਂਦਰ ਬਣੇ, ਮੇਵਾ ਕੇਂਦਰ..ਭਿ੍ਸ਼ਟਾਚਾਰ ਦਾ ਬੋਲਬਾਲਾ
ਮਲੋਟ:- ਲੋਕਾਂ ਦੀ ਸਹੂਲਤ ਲਈ ਬਣਾਏ ਗਏ ਸੇਵਾ ਕੇਂਦਰ ਹੁਣ ਮੇਵਾ ਕੇਂਦਰ ਬਣ ਗਏ ਹਨ, ਜਿੱਥੇ ਲੋਕਾਂ ਦਾ ਕੰਮ ਨਾ ਕਰਕੇ ਮੇਵਾ ਦੇਣ ਵਾਲੇ ਖਪਤਕਾਰਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ । ਇਸ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਤਹਿਸੀਲ ਕੰਪਲੈਕਸ ਵਿਚ ਬਣੇ ਸੇਵਾ ਕੇਂਦਰ ਵਿਚ ਪਿੰਡ ਪੰਨੀਵਾਲਾ ਦੇ ਨਿਰਮਲ ਸਿੰਘ, ਚਰਨਜੀਤ ਸਿੰਘ ਤੇ ਨਰਿੰਦਰਪਾਲ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਇੱਥੇ ਆਪਣੇ ਅਸਲੇ ਦੀ ਫ਼ਾਈਲ ਜਮ੍ਹਾਂ ਕਰਵਾਉਣ ਆ ਰਹੇ ਹਨ, ਪਰ ਉਨ੍ਹਾਂ ਦੀ ਫ਼ਾਈਲ ਜਮ੍ਹਾਂ ਕਰਨ ਵਾਲੀ ਸੀਟ 'ਤੇ ਬੈਠੇ ਕਰਮਚਾਰੀ ਵਲੋਂ ਚਹੇਤਿਆਂ ਤੇ ਏਜੰਟਾਂ ਦੀਆਂ ਫਾਈਲਾਂ ਟੋਕਨਾਂ ਵਿਚ ਘਾਲਾ ਮਾਲਾ ਕਰਕੇ ਪਹਿਲਾਂ ਜਮ੍ਹਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਹਰ ਰੋਜ਼ ਖਾਲੀ ਹੱਥ ਮੁੜਨਾ ਪੈਦਾ ਹੈ । ਜਦੋਂ ਫ਼ਾਈਲਾਂ ਜਮ੍ਹਾਂ ਕਰਨ ਵਾਲੇ ਕਰਮਚਾਰੀ ਨੂੰ ਇਨ੍ਹਾਂ ਦੀ ਖੱਜਲ ਖੁਆਰੀ ਬਾਰੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਟੋਕਨ ਦੇ ਹਿਸਾਬ ਨਾਲ ਚੱਲ ਰਹੇ ਹਨ, ਜਿਸ ਕਾਰਨ ਭਾਰੀ ਰਸ਼ ਹੋਣ ਕਾਰਨ ਫ਼ਾਈਲਾਂ ਜਮ੍ਹਾਂ ਨਹੀਂ ਹੋ ਰਹੀਆਂ । ਉਨ੍ਹਾਂ ਇੰਟਰਨੈੱਟ ਬੰਦ ਹੋਣ ਦਾ ਵੀ ਰੋਣਾ ਰੋਇਆ, ਜਦੋਂਕਿ ਹਕੀਕਤ ਇਹ ਹੈ ਕਿ ਸੇਵਾ ਕੇਂਦਰ ਵਲੋਂ ਜਾਰੀ ਕੀਤੇ ਟੋਕਨ ਵਿਚੋਂ ਮਿਸ ਕਰਕੇ ਏਜੰਟਾਂ ਅਤੇ ਜੇਬ ਗਰਮ ਕਰਨ ਵਾਲੇ ਇਲਾਕਾ ਨਿਵਾਸੀਆਂ ਨੂੰ ਦੇ ਦਿੱਤੇ ਜਾਂਦੇ ਹਨ, ਜਿਸ ਕਰਕੇ ਕਰਮਚਾਰੀਆਂ ਨੂੰ ਭਿ੍ਸ਼ਟਾਚਾਰ ਕਰਨਾ ਸੌਖਾ ਹੋ ਜਾਂਦਾ ਹੈ ਤੇ ਉਹ ਟੋਕਨ ਦਾ ਹਵਾਲਾ ਦੇ ਕੇ ਆਪਣੀ ਸਫ਼ਾਈ ਦੇਣ ਵਿਚ ਕਾਮਯਾਬ ਹੁੰਦੇ ਹਨ । ਸੇਵਾ ਕੇਂਦਰ ਨੂੰ ਕੰਟਰੋਲ ਕਰਨ ਵਾਲੇ ਜਦੋਂ ਮਨਿੰਦਰ ਸਰਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਫ਼ ਨਹੀਂ ਸਮਝਿਆ । ਐੱਸ. ਡੀ. ਐੱਮ. ਤਹਿਸੀਲ ਵਿਚ ਹਾਜ਼ਰ ਨਾ ਹੋਣ ਕਾਰਨ ਉਨ੍ਹਾਂ ਦੇ ਰੀਡਰ ਵਲੋਂ ਸੇਵਾ ਕੇਂਦਰ ਦੀ ਮੈਡਮ ਨੂੰ ਮਿਲਣ ਲਈ ਕਿਹਾ, ਪਰ ਉਹ ਵੀ ਹਾਜ਼ਰ ਨਹੀਂ ਸੀ । ਜ਼ਿਕਰਯੋਗ ਹੈ ਕਿ ਤਹਿਸੀਲ ਕੰਪਲੈਕਸ ਭਿ੍ਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ, ਜਿਸ ਨੂੰ ਰੋਕਣ ਵਿਚ ਪ੍ਰਸ਼ਾਸਨ ਨਾਕਾਮਯਾਬ ਰਿਹਾ ਹੈ ਤੇ ਭਿ੍ਸ਼ਟਾਚਾਰ ਨੂੰ ਰੋਕਣ ਵਾਲੀ ਏਜੰਸੀ ਦੀ ਵੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿਚ ਹੈ । ਸ਼ਹਿਰ ਵਾਸੀਆਂ ਤੇ ਇਲਾਕਾ ਵਾਸੀਆਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਤਹਿਸੀਲ ਵਿਚ ਵੱਡੇ ਪੱਧਰ ਤੇ ਚੱਲ ਰਹੇ ਭਿ੍ਸ਼ਟਾਚਾਰ ਨੂੰ ਰੋਕਣ ਲਈ ਕਾਰਗਰ ਕਦਮ ਚੁੱਕਣ ਤਾਂ ਜੋ ਸ਼ਹਿਰ ਵਾਸੀਆਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਨੂੰ ਨੱਥ ਪਾਈ ਜਾ ਸਕੇ ।