ਸੈਲਫੀ ਦੇ ਸ਼ੌਕੀਨ ਹੋ ਜਾਣ ਸਾਵਧਾਨ, ਨਹੀਂ ਤਾਂ ਭਿਆਨਕ ਨਤੀਜਿਆਂ ਲਈ ਰਹੋ ਤਿਆਰ !
ਅੱਜ ਦੇ ਸਮੇਂ ‘ਚ ਮੋਬਾਈਲ ਫੋਨ ਸਭ ਤੋਂ ਵੱਡੀ ਲੋੜ ਬਣ ਗਿਆ ਹੈ। ਇਸ ਬਿਨਾ ਇੱਕ ਦਿਨ ਤਾਂ ਕੀ ਪਲ ਵੀ ਗੁਜ਼ਾਰਨਾ ਔਖਾ ਹੋ ਜਾਂਦਾ ਹੈ। ਮੋਬਾਈਲ ਫੋਨ ਜਿੱਥੇ ਵਰਦਾਨ ਹੈ, ਉੱਥੇ ਹੀ ਲੋਕਾਂ ਲਈ ਇਹ ਖ਼ਤਰਨਾਕ ਵੀ ਹੈ। ਖਾਸ ਕਰ ਮੋਬਾਈਲ ਨਾਲ ਸੈਲਫੀ ਲੈਣ ਦਾ ਟ੍ਰੈਂਡ। ਜੋ ਪਹਾੜਾਂ ਤੇ ਹੋਰ ਖ਼ਤਰਨਾਕ ਥਾਵਾਂ ‘ਤੇ ਆਪਣੇ ਦੋਸਤਾਂ ਦੀਆਂ ਤਾਰੀਫਾਂ ਹਾਸਲ ਕਰਨ ਲਈ ਜਾਨ ਜੋਖਮ ‘ਚ ਪਾ ਕੇ ਸੈਲਫੀ ਕਲਿੱਕ ਕਰਦੇ ਹਨ ਉਨ੍ਹਾਂ ਲਈ ਤਾਂ ਮੋਬਾਈਲ ਖ਼ਤਰਨਾਕ ਹੀ ਹੈ।
ਇਸ ਨੂੰ ਲੈ ਕੇ ਅਕਸਰ ਹੀ ਡਾਕਟਰ ਸਾਵਧਾਨੀ ਵਰਤਣ ਲਈ ਕਹਿੰਦੇ ਹਨ। ਹਾਰਟ ਕੇਅਰ ਫਾਉਂਡੇਸ਼ਨ ਦੇ ਪ੍ਰਧਾਨ ਡਾਕਟਰ ਕੇਕੇ ਅਗਰਵਾਲ ਨੇ ਕਿਹਾ ਕਿ ਅੱਜ ਦੀ ਪੀੜੀ ਦੂਜਿਆਂ ਤੋਂ ਤਾਰੀਫਾਂ ਹਾਸਲ ਕਰਨ ਲਈ ਕੁਝ ਵੀ ਕਰਦੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਸੈਲਫੀ ਲੈਣ ‘ਚ ਜਿੰਨੀ ਹਿੰਮਤ ਦਿਖਾਈ ਜਾਵੇ, ਓਨੀ ਤਾਰੀਫ ਉਨ੍ਹਾਂ ਨੂੰ ਹਾਸਲ ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਮੋਬਾਈਲ ਜ਼ਿੰਦਗੀ ‘ਚ ਆ ਗਿਆ ਹੈ ਤੇ ਇਸ ਦਾ ਜ਼ਿਆਦਾ ਇਸਤੇਮਾਲ ਗੰਭੀਰ ਸਮੱਸਿਆ ਹੈ। ਇਸ ‘ਚ ਮਾਨਸਿਕ ਤੇ ਸਰੀਰਕ ਦਿੱਕਤਾਂ ਦੋਨੋਂ ਹੀ ਆਉਂਦੀਆਂ ਹਨ। ਇਸ ‘ਚ ਸਭ ਤੋਂ ਤਾਜ਼ਾ ਬਿਮਾਰੀ ਹੈ ਸੈਲਫੀ।
ਡਾਕਟਰ ਅਗਰਵਾਲ ਨੇ ਕਿਹਾ, ਪਿਛਲੇ ਦੋ ਸਾਲ ਤੋਂ ਦੁਨੀਆ ‘ਚ ਸੈਲਫੀ ਦਾ ਬੁਖਾਰ ਵਧਦਾ ਜਾ ਰਿਹਾ ਹੈ ਜਿਸ ਨਾਲ ਦੁਨੀਆ ‘ਚ ਮੌਤਾਂ ਦੀ ਗਿਣਤੀ ਵਧੀ ਹੈ ਤੇ ਕਈ ਬਿਮਾਰੀਆਂ ਦਾ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ। ਇਸ ਤੋਂ ਨਿਜਾਤ ਪਾਉਣ ਲਈ ਤੁਹਾਨੂੰ ਫੋਨ ਤੋਂ ਇੱਕ ਪੂਰੇ ਦਿਨ ਦੂਰ ਤੇ ਹਫਤੇ ‘ਚ ਇੱਕ ਦਿਨ ਲਈ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣੀ ਚਾਹੀਦੀ ਹੈ।