ਲਵਿੰਗ ਲਿਟਲ ਵਿਖੇ ਨੰਨ੍ਹੇ -ਮੁੰਨੇ ਬੱਚਿਆਂ ਨੂੰ ਮੋਬਾਇਲ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ
ਮਲੋਟ (ਹਰਪ੍ਰੀਤ ਸਿੰਘ ਹੈਪੀ) : ਸਥਾਨਕ ਲਵਿੰਗ ਲਿਟਲ ਪਲੇਵੇ ਸਕੂਲ ਵਿਖੇ ਮੋਬਾਇਲ ਦੇ ਬੱਚਿਆਂ ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਮੀਨਾ ਅਰੋੜਾ ਨੇ ਨੰਨ੍ਹੇ -ਮੁੰਨੇ ਬੱਚਿਆਂ ਨੂੰ ਮੋਬਾਇਲ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਅਜੋਕੇ ਯੁੱਗ ਵਿਚ ਜਿੱਥੇ ਮੋਬਾਇਲ ਕਾਰਨ ਪਰਿਵਾਰ ਟੁੱਟ ਰਹੇ ਹਨ, ਉੱਥੇ ਹੀ ਲਗਾਤਾਰ ਮੋਬਾਇਲ ਚਲਾਉਣ ਨਾਲ ਇਨਸਾਨ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਲਗਾਤਾਰ ਮੋਬਾਇਲ ਚਲਾਉਣ ਨਾਲ ਇਕੱਲੇ ਰਹਿਣ, ਜ਼ਿਆਦਾ ਗੁੱਸਾ, ਚਿੜਚਿੜਾਪਨ, ਵਜ਼ਨ ਘੱਟਣਾ ਦੀ ਬਿਮਾਰੀ ਹੋ ਜਾਂਦੀ ਹੈ ਅਤੇ ਮੋਬਾਇਲ ਵਿਚ ਨਿਕਲਣ ਵਾਲੀਆਂ ਕਿਰਨਾਂ ਵੀ ਅੱਖਾਂ ਤੇ ਬੁਰਾ ਪ੍ਰਭਾਵ ਪਾਉਦੀਆਂ ਹਨ, ਜਿਸ ਕਾਰਨ ਅੱਖਾਂ ਖਰਾਬ ਹੋਣ ਕਾਰਨ ਛੋਟੀ ਉਮਰ ਵਿਚ ਹੀ ਬੱਚਿਆਂ ਵਿਚ ਐਨਕਾਂ ਲਗਵਾਉਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੱਚੇ ਮੋਬਾਇਲ ਦੀ ਆਦਤ ਕਾਰਨ ਖਾਣਾ ਖਾਣ ਤੋਂ ਵੀ ਗੁਰੇਜ਼ ਕਰਦੇ ਹਨ, ਜਿਸ ਕਾਰਨ ਬੱਚੇ ਦਾ ਪੂਰਨ ਵਿਕਾਸ ਨਹੀਂ ਹੁੰਦਾ। ਉਹਨਾਂ ਕਿਹਾ ਕਿ ਅਸੀਂ ਖੁਦ ਵੀ ਬੱਚੇ ਨੂੰ ਵਿਅਸਤ ਰੱਖਣ ਲਈ ਬੱਚੇ ਦੇ ਹੱਥ ਵਿਚ ਮੋਬਾਇਲ ਦੇ ਰਹੇ ਹਾਂ ਅਤੇ ਉਹਨਾਂ ਤੋਂ ਉਹਨਾਂ ਬਚਪਨ ਖੋਹਣ ਤੋਂ ਇਲਾਵਾ ਬਿਮਾਰੀਆਂ ਵੱਲ ਧੱਕ ਰਹੇ ਹਾਂ। ਉਹਨਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਹੱਥਾਂ ਵਿਚ ਮੋਬਾਇਲ ਨਾ ਦੇਣ ਦੀ ਜਗ੍ਹਾ ਉਹਨਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ ਤਾਂ ਜੋ ਬੱਚੇ ਮੋਬਾਇਲ ਜਿਹੀ ਭੈੜੀ ਅਲਾਮਤ ਤੋਂ ਬਚ ਸਕਣ ਅਤੇ ਆਪਣੇ ਬਚਪਨ ਨੂੰ ਮਾਣ ਸਕਣ। ਇਸ ਮੌਕੇ ਬੱਚਿਆਂ ਵਲੋਂ ਲੈਕਚਰ ਨੂੰ ਧਿਆਨ ਨਾਲ ਸੁਣਿਆ ਅਤੇ ਮੋਬਾਇਲ ਦਾ ਪ੍ਰਯੋਗ ਨਾ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ ਮੈਡਮ ਜਗਜੀਤ, ਸਵੀਟੀ, ਰਜਨੀ ਵਲੋਂ ਮੋਬਾਇਲ ਦੇ ਮਾੜੇ ਪ੍ਰਭਾਵ ਬਾਰੇ ਬੱਚਿਆਂ ਅੱਗੇ ਆਪਣੇ ਵਿਚਾਰ ਪੇਸ਼ ਕੀਤੇ।