ਬਾਬਾ ਨਾਨਕ ਨੇ ਔਰਤ ਦੇ ਬਰਾਬਰ ਸਨਮਾਨ ਲਈ ਪਹਿਲੀ ਅਵਾਜ ਬੁਲੰਦ ਕੀਤੀ – ਬਾਬਾ ਬਲਜੀਤ ਸਿੰਘ

ਮਲੋਟ (ਆਰਤੀ ਕਮਲ) :- ਹਰ ਸਾਲ ਦੀ ਤਰਾਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਘੁਮਿਆਰਾ ਰੋਡ ਦਾਨੇਵਾਲਾ ਮਲੋਟ ਵਿਖੇ ਚਲ ਰਹੀ ਹੈ । ਇਸੇ ਲੜੀ ਦੌਰਾਨ ਅੱਜ 8 ਮਾਰਚ ਅੰਤਰਰਾਸ਼ਟਰੀ ਔਰਤ ਦਿਵਸ ਤੇ ਵਿਸ਼ੇਸ ਧਾਰਮਿਕ ਸਮਾਮਗ ਕਰਵਾ ਕੇ ਗੁਰੂਘਰ ਵੱਲੋਂ ਔਰਤਾਂ ਦਾ ਸਿਰਪਾਉ ਨਾਲ ਸਨਮਾਨ ਕੀਤਾ ਗਿਆ । ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਧਰਮ ਦੇ ਮੋਢੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੌਰਾਨ ਚਾਰ ਉਦਾਸੀਆਂ ਕਰਦਿਆਂ ਬਹੁਤੀਆਂ ਸਮਾਜਿਕ ਕੁਰੀਤੀਆਂ ਖਿਲਾਫ ਲੁਕਾਈ ਦੇ ਵਿੱਚ ਜਾ ਕੇ ਨਾ ਕੇਵਲ ਅਵਾਜ ਉਠਾਈ ਬਲਕਿ ਭਟਕੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਵੀ ਪਾਇਆ । ਬਾਬਾ ਨਾਨਕ ਨੇ ਇਸ ਮੌਕੇ ਲੋਕਾਂ ਨੂੰ ਔਰਤ ਦੀ ਇਜਤ ਕਰਨ ਲਈ ਵੀ ਝੰਜੋੜਿਆ । ਉਹਨਾਂ ਔਰਤ ਦੇ ਹੱਕ ਵਿਚ ਗੁਰਬਾਣੀ ਉਚਾਰਨ ਕਰਦਿਆਂ ਕਿਹਾ ਕਿ ਉਸ ਮਹਾਨ ਜਨਨੀ ਔਰਤ ਨੂੰ ਕਿਵੇਂ ਮੰਦਾ ਬੋਲ ਬੋਲਿਆ ਜਾ ਸਕਦਾ ਹੈ ਜਿਸ ਦੀ ਕੁੱਖੋਂ ਸੱਭ ਵੱਡੇ ਵੱਡੇ ਰਾਜੇ ਮਹਾਰਾਜੇ ਅਤੇ ਪੀਰ ਪੈਗੰਬਰ ਜਨਮ ਲੈਂਦੇ ਹਨ । ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਔਰਤ ਨੂੰ ਸਮਾਜ ਵਿਚ ਬਰਾਬਰ ਦਾ ਮਾਨ ਸਨਮਾਨ ਮਿਲਣ ਲੱਗਾ ਅਤੇ ਸਤੀ ਪ੍ਰਥਾ ਨੂੰ ਸਮਾਪਤ ਕਰਨ ਲਈ ਵੀ ਸਿੱਖ ਗੁਰੂਆਂ ਨੇ ਹੀ ਪਹਿਲ ਕੀਤੀ । ਬਾਬਾ ਬਲਜੀਤ ਸਿੰਘ ਨੇ ਸੰਗਤ ਨੂੰ ਦੱਸਿਆ ਕਿ 10 ਮਾਰਚ ਨੂੰ ਗੁਰੂਘਰ ਵਿਖੇ ਵਿਸ਼ਾਲ ਅੰਮ੍ਰਿਤ ਸੰਚਾਰ ਹੋਵੇਗਾ ਜਿਸ ਦਾ ਵੱਧ ਤੋਂ ਵੱਧ ਪ੍ਰਾਣੀ ਲਾਹਾ ਲੈਣ। ਇਸ ਮੌਕੇ ਗੁਰਘਰ ਵਿਖੇ ਵਿਸ਼ੇਸ਼ ਸੇਵਾ ਨਿਭਾਉਣ ਵਾਲੀਆਂ ਬੀਬੀਆਂ ਦਾ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਲਛਮਣ ਸਿੰਘ, ਕਮੇਟੀ ਪ੍ਰਧਾਨ ਭਾਈ ਹਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਜੱਜ ਸ਼ਰਮਾ ਵੱਲੋਂ ਸਿਰਪਾਉ ਨਾਲ ਸਨਮਾਨ ਕੀਤਾ ਗਿਆ । ਇਸ ਮੌਕੇ ਅਸ਼ਵਨੀ ਗੋਇਲ, ਮਨਪ੍ਰੀਤ ਪਾਲ ਸਿੰਘ, ਸੁਰਿੰਦਰ ਸਿੰਘ ਬੱਗਾ, ਬਲਵਿੰਦਰ ਸਿੰਘ ਮੁਕਤਸਰ, ਭੁਪਿੰਦਰ ਸਿੰਘ ਕਰਨਾਲ, ਗੁਰਮੀਤ ਸਿੰਘ ਮਿੱਡਾ, ਹਰੀਪਾਲ ਸਿੰਘ ਡੱਬਵਾਲੀ ਮਲਕੋ ਅਤੇ ਓਮ ਪ੍ਰਕਾਸ਼ ਸ਼ੇਖੂ ਆਦਿ ਸਮੇਤ ਵੱਡੀ ਗਿਣਤੀ ਸੰਗਤ ਹਾਜਰ ਸੀ ।