Malout News

ਕਹਿਕਸ਼ਾਂ ਦਾ ਚੌਥਾ ਮੁਸ਼ਾਇਰਾ ‘ਸ਼ਬਦ ਮੰਗਲ’ ਛੱਡ ਗਿਆ ਅਮਿੱਟ ਛਾਪ

ਮਲੋਟ:-ਮਲੋਟ ਸ਼ਹਿਰ ਵਿੱਚ ਸਾਹਿਤਕ ਗਤੀਵਿਧੀਆਂ ਨੂੰ ਜੀਵੰਤ ਰੱਖਣ ਲਈ ਕਾਰਜਸ਼ੀਲ ਸਾਹਿਤਕ ਸੰਸਥਾ ਕਹਿਕਸ਼ਾਂ, ਮਰਹੂਮ ਸ਼ਾਇਰ ‘ਮੰਗਲ ਮਦਾਨ ਜੀ’ ਯਾਦ ਵਿੱਚ ਚੌਥਾ ਮੁਸ਼ਾਇਰਾ ‘ਸ਼ਬਦ ਮੰਗਲ’ ਸਕਾਈ ਮਾਲ ਮਲੋਟ ਵਿਖੇ ਕਰਵਾਇਆ ਗਿਆ। ਮੰਚ ਸੰਚਾਲਨ ਕਰ ਰਹੇ ਮਨਜੀਤ ਸੂਖ਼ਮ ਨੇ ਕਹਿਕਸ਼ਾਂ ਬਾਰੇ ਅਤੇ ਇਸਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉੱਭਰਦੇ ਗਾਇਕ ਰਵੀ ਗਿੱਲ ਅਤੇ ਸਾਹਿਤਕ ਗਾਇਕ ਪਵਨਦੀਪ ਚੌਹਾਨ ਨੇ ਆਪਣੀ ਆਵਾਜ਼ ਦੇ ਜਾਦੂ ਨਾਲ ਪ੍ਰੋਗਰਾਮ ਦਾ ਆਰੰਭ ਕੀਤਾ। ਪ੍ਰੋ. ਯਸ਼ਪਾਲ ਮੱਕੜ ਨੇ ਆਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਸੁਆਗਤ ਕੀਤਾ। ਮੁਸ਼ਾਇਰੇ ਦੇ ਸੂਤਰਧਾਰ ਹਰਮੀਤ ਵਿਦਿਆਰਥੀ ਨੇ ਮੰਗਲ ਮਦਾਨ ਨੂੰ ਸਲਾਮ ਕਰਦਿਆਂ ਕਹਿਕਸ਼ਾਂ ਨੂੰ ਮੁਬਾਰਕਬਾਦ ਦਿੱਤੀ। ਇਸ ਵਾਰ ਜਿੱਥੇ ਮੁਸ਼ਾਇਰੇ ਵਿੱਚ ਸਤਿਕਾਰਤ ਗੁਰਤੇਜ ਕੋਹਾਰਵਾਲਾ, ਜਗਵਿੰਦਰ ਜੋਧਾ, ਹਰਮੀਤ ਵਿਦਿਆਰਥੀ, ਜਗਜੀਤ ਕਾਫ਼ਿਰ, ਭੁਪਿੰਦਰ ਕੌਰ ਪ੍ਰੀਤ, ਮਨਜੀਤ ਪੁਰੀ, ਪਾਲੀ ਖ਼ਾਦਿਮ ਅਤੇ ਅਨੀ ਕਾਠਗੜ੍ਹ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ ਅਤੇ ਸ਼ਾਇਰ ਮੰਗਲ ਮਦਾਨ ਨੂੰ ਚੇਤੇ ਕੀਤਾ, ਉੱਥੇ ਗੁਰਤੇਜ ਕੋਹਾਰਵਾਲਾ ਨੇ ‘ਪਹੁ ਫੁੱਟਣ ਨੂੰ ਸੂਰਜ ਦੀ ਮੁਹਤਾਜੀ ਕਾਹਦੀ, ਖ਼ੁਦ ‘ਚੋਂ ਵੀ ਤਾਂ ਰੌਸ਼ਨ ਹੋਇਆ ਜਾ ਸਕਦਾ ਹੈ, ਜਿਸ ਵੇਲੇ ਸਭ ਪਾਣੀ ਗੰਧਲੇ ਹੋ ਜਾਂਦੇ ਨੇ, ਚਿਹਰਾ ਮਿੱਟੀ ਨਾ’ ਵੀ ਧੋਇਆ ਜਾ ਸਕਦਾ ਹੈ’। ਪਾਲੀ ਖ਼ਾਦਿਮ ਨੇ  ‘ਭਲਾ ਇਹ ਖ਼ੂਬਸੂਰਤ ਨਹੀਂ ਜੋ ਪਾਣੀ ‘ਤੇ ਦਿਸੇ ਚੰਨ, ਇਹ ਆਖ਼ਰ ਲੋਕ ਕਿਹੜੇ ਨੇ ਜੋ ਦੀਵੇ ਤਾਰਦੇ ਨੇ’ ਅਨੀ ਕਾਠਗੜ੍ਹ ਨੇ, “ਵੇਚੇ, ਵੱਢੇ, ਸਾੜੇ, ਵਾਹੇ, ਸੁੱਕਦੇ, ਘਟਦੇ, ਮੁੱਕਦੇ ਜਾਂਦੇ, ਸ਼ੀਸ਼ੇ ਦੇ ਦਫ਼ਤਰ ਵਿੱਚ ਬੈਠੇ ਜੰਗਲ ਬਾਰੇ ਸੋਚ ਰਹੇ ਨੇ। ਹਰਮੀਤ ਵਿਦਿਆਰਥੀ ਨੇ ‘ਮਿਲੀ ਗੁੜ੍ਹਤੀ ਸੀ ਤੇਗਾਂ, ਨੇਜਿਆਂ ਸੰਗ ਖੇਡਣੇ ਦੀ ਪਰ, ਇਹ ਕਿੱਥੋਂ ਆ ਗਿਆ ਹੈ ਗਿੜਗਿੜਾਉਣਾ, ਰੀਂਗਦੇ ਰਹਿਣਾ” ਨਾਲ ਵਾਹ-ਵਾਹ ਬਟੋਰੀ। ਇਸ ਖਾਸ ਮੌਕੇ ਮਰਹੂਮ ਮੰਗਲ ਮਦਾਨ ਦੀ ਪੋਤੀ ਪੁਰਅਦਬ ਕੌਰ ਦੀ ਸਫ਼ਰਨਾਮਾ ਪੁਸਤਕ ‘ਵਾਕਿੰਗ ਆੱਨ ਕਲਾਊਡਸ’ ਰਿਲੀਜ਼ ਕੀਤੀ ਗਈ। ਇਸ ਮੌਕੇ ਸ਼੍ਰੀ ਰਾਜ ਰੱਸੇਵੱਟ, ਪਰਮਿੰਦਰ ਸਿੰਘ ਪੰਮਾ ਬਰਾੜ, ਰਵੀ ਬਾਂਸਲ, ਹਰਦੀਪ ਸਿੰਘ ਸੰਧੂ, ਡਾ. ਰਜਿੰਦਰ ਸਿੰਘ ਸੇਖੋਂ, ਡਾ. ਜਸਕਰਨ ਸਿੰਘ ਭੁੱਲਰ, ਵਿਜੈ ਚਲਾਨਾ, ਗੁਰਦੀਪ ਸਿੰਘ, ਸੁਦਰਸ਼ਨ ਜੱਗਾ, ਹਿੰਮਤ ਸਿੰਘ, ਸੁੰਮੀ ਸਾਮਰੀਆ, ਦਵਿੰਦਰ ਪੁਰਬਾ, ਅਜਮੇਰ ਬਰਾੜ, ਧਰਮਵੀਰ, ਨਵਦੀਪ ਬਾਠ, ਹਰਪ੍ਰੀਤ ਚੌਹਾਨ, ਹਰਵਿੰਦਰ ਸਿੰਘ ਸਿਰਸਾ, ਸੁਰਜੀਤ ਸਿੰਘ ਸਿਰੜੀ, ਕਹਾਣੀਕਾਰ ਕੁਲਵੰਤ ਗਿੱਲ ਅਤੇ ਹਰਵਿੰਦਰ ਖਲਾਰਾ ਆਦਿ ਹਾਜ਼ਿਰ ਰਹੇ। ਪਿਛਲੇ ਮੁਸ਼ਾਇਰਿਆਂ ਵਾਂਗ ਇਹ ਮੁਸ਼ਾਇਰਾ ਵੀ ਯਾਦਗਾਰ ਹੋ ਨਿਬੜਿਆ।

Author: Malout Live

Leave a Reply

Your email address will not be published. Required fields are marked *

Back to top button