ਵਿਜੀਲੈਂਸ ਵਿਭਾਗ ਦੀ ਟੀਮ ਨੇ ਦੇਰ ਸ਼ਾਮ ਡੇਰਾਬਸੀ ਪੁਲੀਸ ਥਾਣੇ ‘ਚ ਛਾਪਾ ਮਾਰ ਕੇ ਥਾਣੇ ‘ਚ ਤਾਇਨਾਤ ਇਕ ਸਹਾਇਕ ਸਬ-ਸਪੈਕਟਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਮੁਲਜ਼ਮ ਏਐੱਸਆਈ ਓਕਾਰ ਸਿੰਘ ਨੂੰ ਵਿਜੀਲੈਂਸ ਨੇ ਪਰਵੈਂਸ਼ਨ ਆਫ ਕਰੱਪਸ਼ਨ ਐਕਟ 1988 ਸੋਧੇ ਹੋਏ ਐਕਟ 2018 ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਦੌਰਾਨ ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਡੀਐੱਸਪੀ ਵਿਜੀਲੈਂਸ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏਆਈਜੀ ਫਲਾਇੰਗ ਸਕੂਆਡ ਵਿਜੀਲੈਂਸ ਪਰਮਜੀਤ ਸਿੰਘ ਵਿਰਕ ਦੇ ਨਿਰਦੇਸ਼ਾਂ ਤਹਿਤ ਉਕਤ ਕਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਰਾਜੂ ਪੁੱਤਰ ਬਾਲਕ ਰਾਮ ਵਾਸੀ ਵਾਰਡ ਨੰਬਰ 11 ਡੇਰਾਬੱਸੀ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਟਰੱਕ ਡਰਾਈਵਰ ਹੈ। ਉਸਦੀ ਲੜਕੀ ਦਾ ਵਿਆਹ 2018 ਵਿਚ ਹੋਇਆ ਸੀ।ਇਸ ਤੋਂ ਕੁਝ ਸਮੇਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਦਾਜ ਲਈ ਪਰੇਸ਼ਾਨ ਕਰਨ ਲੱਗ ਪਿਆ। ਇਸ ਸਬੰਧੀ 14 ਅਕਤੂਬਰ 2019 ਨੂੰ ਜ਼ਿਲ੍ਹਾ ਪੁਲਿਸ ਮੁਖੀ ਮੋਹਾਲੀ ਨੂੰ ਸਹੁਰੇ ਪਰਿਵਾਰ ਖ਼ਿਲਾਫ਼ ਕਰਵਾਈ ਲਈ ਸ਼ਿਕਾਇਤ ਦਿੱਤੀ ਸੀ। ਇਸ ਦੀ ਪੜਤਾਲ ਲਈ ਏਐੱਸਆਈ ਓਂਕਾਰ ਸਿੰਘ ਨੇ ਸ਼ਿਕਾਇਤ ਕਰਤਾ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਕੋਲੋਂ ਰਿਪੋਰਟ ਉਸਦੇ ਹੱਕ ਵਿਚ ਲਿਖਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।ਇਸ ਤੋਂ ਬਾਅਦ ਸ਼ਿਕਾਇਤ ਕਰਤਾ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਨੂੰ ਦਿੱਤੀ, ਜਿਸ ਦੇ ਆਧਾਰ ‘ਤੇ ਵਿਜੀਲੈਂਸ ਨੇ ਮਾਮਲਾ ਦਰਜ ਕਰ ਕੇ ਟਰੈਪ ਲਾ ਕੇ ਸਹਾਇਕ ਥਾਣੇਦਾਰ ਨੂੰ ਅੱਜ ਸ਼ਾਮੀ ਕਰੀਬ 5 ਵਜੇ ਸਰਕਾਰੀ ਗਵਾਹ ਡਾ. ਰੁਪਿੰਦਰ ਸਿੰਘ ਅਤੇ ਕੁਲਦੀਪ ਸਿੰਘ ਸਿਵਲ ਹਸਪਤਾਲ ਮੋਹਾਲੀ ਦੀ ਹਾਜ਼ਰੀ ਵਿਚ ਸ਼ਿਕਾਇਤ ਕਰਤਾ ਤੋਂ ਰਿਸ਼ਵਤ ਵਜੋਂ ਲਏ 20 ਹਜ਼ਾਰ ਰੁਪਏ ਸਣੇ ਕਾਬੂ ਕੀਤਾ ਹੈ।