ਆਯੂਸ਼ਮਾਨ ਕਾਰਡ ਬਣਵਾਉਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਅਨਾਉਸਮੈਂਟ ਰਿਕਸ਼ੇ ਕੀਤੇ ਰਵਾਨਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਸੰਬੰਧ ਵਿੱਚ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਰ ਇੱਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਇਹ ਮੁਫਤ ਸਹੂਲਤ ਪ੍ਰਾਪਤ ਕਰਨ ਲਈ ਆਯੂਸ਼ਮਾਨ ਕਾਰਡ ਬਣਾਉਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਇਸ ਯੋਜਨਾ ਨਾਲ ਜੋੜਨ ਲਈ ਸਿਹਤ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦਫਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਤੋਂ ਅਨਾਉਂਸਮੈਂਟ ਰਿਕਸ਼ਾ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਅਤੇ ਡਾ. ਬੰਦਨਾ ਬਾਸਲ ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਰਵਾਨਾ ਕੀਤਾ ਗਿਆ, ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਲੋਕਾਂ ਨੂੰ ਇਸ ਯੋਜਨਾ ਤੇ ਲਾਭ ਦੱਸ ਕੇ ਇਸ ਯੋਜਨਾ ਨਾਲ ਜੋੜਨ ਲਈ ਜਾਗਰੂਕ ਕਰੇਗਾ। ਇਸ ਮੌਕੇ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਇਕ ਦਿਵਾਲੀ ਬੰਪਰ ਡਰਾਅ ਕੱਢਿਆ ਜਾ ਰਿਹਾ ਹੈ, ਜਿਸ ਤਹਿਤ 16 ਅਕਤੂਬਰ ਤੋਂ 30 ਨਵੰਬਰ 2023 ਤੱਕ ਆਪਣਾ ਆਯੂਸ਼ਮਾਨ ਕਾਰਡ ਬਣਵਾਉਣ ਵਾਲੇ ਸਾਰੇ ਲਾਭਪਾਤਰੀਆਂ ਵਿੱਚੋਂ ਲੱਕੀ ਡਰਾਅ ਦੇ ਜ਼ਰੀਏ 10 ਲੋਕਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ।
ਜਿਸ ਵਿੱਚ ਪਹਿਲਾ ਇਨਾਮ ਇਕ ਲੱਖ ਰੁਪਏ, ਦੂਜਾ ਇਨਾਮ ਪੰਜਾਹ ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ ਅੱਠ ਹਜ਼ਾਰ ਰੁਪਏ ਅਤੇ 6ਵੇਂ ਤੋ 10ਵੇਂ ਇਨਾਮ ਤੱਕ ਸਾਰੇ ਜੇਤੂਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਡਰਾਅ ਪੰਜਾਬ ਸਰਕਾਰ ਵੱਲੋਂ ਦੀਵਾਲੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ‘ਤੇ 4 ਦਸੰਬਰ ਨੂੰ ਕੱਢਿਆ ਜਾਵੇਗਾ। ਉਨ੍ਹਾ ਕਿਹਾ ਕਿ ਇਹਨਾਂ ਕਾਰਡਾਂ ਦੇ ਲਾਭਪਾਤਰੀਆਂ ਸ਼੍ਰੇਣੀਆਂ ਵਿੱਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ ਫਾਰਮ ਧਾਰਕ ਕਿਸਾਨ, ਰਜਿਸਟਰਡ ਮਜਦੂਰ, ਰਜਿਸਟਰਡ ਛੋਟੇ ਵਪਾਰੀ, ਪੀਲੇ ਕਾਰਡ ਧਾਰਕ ਪੱਤਰਕਾਰ ਅਤੇ ਐੱਸ.ਈ.ਸੀ.ਸੀ ਆਦਿ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇਹ ਕਾਰਡ ਵੈੱਬਸਾਈਟ https://beneficiary.nha.gov.in ਅਤੇ ਅਯੂਰਮੈਨ ਐਪ ਦੇ ਰਾਹੀਂ ਖੁੱਦ ਵੀ ਘਰ ਬੈਠੇ ਬਣਾਇਆ ਜਾ ਸਕਦਾ ਹੈ ਜਾਂ ਨਜਦੀਕੀ ਆਸ਼ਾ ਵਰਕਰਾਂ/ ਸੂਚੀਬੱਧ ਹਸਪਤਾਲਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਵੈੱਬਸਾਈਟ www.sha.punjab.gov.in ਤੋਂ ਅਤੇ ਹੈਲਪਲਾਈਨ ਨੰਬਰ 14555 ਡਾਇਲ ਕਰਕੇ ਲਈ ਜਾ ਸਕਦੀ ਹੈ। ਇਸ ਮੌਕੇ ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆਂ ਅਫਸਰ, ਦੀਪਕ ਕੁਮਾਰ ਡੀ.ਪੀ.ਐੱਮ, ਸੰਦੀਪ ਕੌਰ ਜਿਲ੍ਹਾ ਕੋਆਰਡੀਨੇਟਰ, ਮਨਪ੍ਰੀਤ ਕੌਰ ਅਤੇ ਸਤਵੀਰ ਕੌਰ ਸੁਪਰਡੈਂਟ, ਭਗਵਾਨਦਾਸ, ਲਾਲਚੰਦ ਜਿਲ੍ਹਾ ਸਿਹਤ ਇੰਸਪੈਕਟਰ, ਭੁਪਿੰਦਰ ਸਿੰਘ ਸਟੈਨੋ ਆਦਿ ਹਾਜ਼ਰ ਸਨ। Author: Malout Live