ਬਾਰਿਸ਼ਾਂ ਦੇ ਮੌਸਮ ਦੌਰਾਨ ਸਿਹਤ ਵਿਭਾਗ ਵੱਲੋਂ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ-ਡਾ.ਰੀਟਾ ਬਾਲਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਬਰਸਾਤੀ ਮੌਸਮ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਸਿਹਤ ਸੰਬੰਧੀ ਸੁਝਾਅ ਜਾਰੀ ਕੀਤੇ ਗਏ ਹਨ। ਇਸ ਸੰਬੰਧੀ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਲੋਕਾਂ ਨੂੰ ਬਰਸਾਤੀ ਮੌਸਮ ਕਾਰਨ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਜਾਗਰੂਕ ਕੀਤਾ ਜਾਵੇ ਅਤੇ ਨਾਲ ਹੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ। ਬਰਸਾਤਾਂ ਦੌਰਾਨ ਪੀਣ ਲਈ ਸਿਰਫ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ, ਪੀਣ ਵਾਲੇ ਪਾਣੀ ਨੂੰ ਉਬਾਲ, ਠੰਡਾ ਕਰ ਕੇ ਪੀਣ ਲਈ ਵਰਤਿਆ ਜਾਵੇ, ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਸਮੇਂ-ਸਮੇਂ ’ਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਤੇ ਜਾਣ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਜੇਕਰ ਕਿਸੇ ਏਰੀਏ 'ਚ ਇੱਕ ਹੀ ਜਗ੍ਹਾ 'ਤੇ 3 ਤੋਂ ਵੱਧ ਇਨਫੈਕਸ਼ਨ ਵਾਲੇ ਕੇਸਾਂ ਬਾਰੇ ਪਤਾ ਲੱਗਦਾ ਹੈ

ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਨੂੰ ਸੂਚਿਤ ਕੀਤਾ ਜਾਵੇ। ਹੜ੍ਹਾਂ ਦੌਰਾਨ ਸੱਪ ਦੇ ਕੱਟਣ ਦੀਆਂ ਘਟਨਾਵਾਂ ਆਮ ਹੋ ਜਾਂਦੀਆਂ ਹਨ, ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਖੜੇ ਪਾਣੀ ਵਿੱਚ ਨਾ ਜਾਓ ਅਤੇ ਜੇਕਰ ਪਾਣੀ 'ਚ ਜਾਣਾ ਜ਼ਰੂਰੀ ਹੋਵੇ ਤਾਂ ਲੰਬੇ ਬੂਟ ਪਾ ਕੇ ਜਾਓ, ਜੇਕਰ ਸੱਪ ਕੱਟ ਲੈਂਦਾ ਹੈ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਇਸ ਸਮੇਂ ਡਾ. ਵਰੁਣ ਵਰਮਾ ਜ਼ਿਲਾ ਐਪੀਡਿਮੋਲੋਜਿਸਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਸਾਤਾਂ ਦੌਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ 'ਚ ਓ. ਆਰ. ਐੱਸ (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਕਿ ਸਿਹਤ ਵਿਭਾਗ ਵੱਲੋਂ ਮੁਫਤ ਦਿੱਤਾ ਜਾ ਰਿਹਾ ਹੈ। ਸਾਨੂੰ ਪਾਣੀ ਉਬਾਲ ਕੇ ਜਾਂ ਕਲੋਰੀਨੇਟ ਕਰ ਕੇ ਪੀਣਾ ਚਾਹੀਦਾ ਹੈ, ਪਾਣੀ ਸਾਫ ਕਰਨ ਲਈ ਸਿਹਤ ਵਿਭਾਗ ਵੱਲੋਂ ਕਲੋਰੀਨ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਭੁਪਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫਸਰ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫਸਰ, ਭਗਵਾਨ ਦਾਸ, ਲਾਲ ਚੰਦ ਜ਼ਿਲ੍ਹਾ ਸਿਹਤ ਇੰਸਪੈਕਟਰ ਹਾਜ਼ਿਰ ਸਨ।

Author: Malout Live