ਨਰਮੇਂ ਦੀ ਫ਼ਸਲ ਉਪਰ ਚਿੱਟੀ ਮੱਖੀ ਦੀ ਰੋਕਥਾਮ ਲਈ ਨਦੀਨ ਨਸ਼ਟ ਕਰਨ ਦੇ ਨਿਰਦੇਸ਼: ਵਧੀਕ ਡਿਪਟੀ ਕਮਿਸ਼ਨਰ -ਵਧੀਕ ਡਿਪਟੀ ਕਮਿਸ਼ਨਰ ਵਲੋਂ ਖੇਤੀਬਾੜੀ ਅਤੇ ਹੋਰ ਵਿਭਾਗਾਂ ਨਾਲ ਮੀਟਿੰਗ
ਸ੍ਰੀ ਮੁਕਤਸਰ ਸਾਹਿਬ :- ਸ਼੍ਰੀ ਅਨਿਰੁੱਧ ਤਿਵਾਰੀ, ਆਈ.ਏ.ਐਸ. ਵਧੀਕ ਮੁੱਖ ਸਕੱਤਰ(ਵਿ:) ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ, ਆਈ.ਏ.ਐਸ. ਡਿਪਟੀ ਕਮਿਸ਼ਨਰ, ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸ਼੍ਰੀ ਰਾਜੇਸ਼ ਤਿ੍ਰਪਾਠੀ, ਵਧੀਕ ਡਿਪਟੀ ਕਮਿਸ਼ਨਰ(ਜ), ਦੀ ਪ੍ਰਧਾਨਗੀ ਹੇਠ ਖੇਤੀਬਾੜੀ ਵਿਭਾਗ, ਹੋਰ ਵਿਭਾਗਾਂ ਦੇ ਮੁੱਖੀਆਂ ਅਤੇ ਬਲਾਕ ਖੇਤੀਬਾੜੀ ਅਫ਼ਸਰਾਂ ਨਾਲ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਦੀ ਰੋਕਥਾਮ ਲਈ ਨਦੀਨ ਨਸ਼ਟ ਮੁਹਿੰਮ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨਾਂ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਆਪਣੇ-2 ਵਿਭਾਗ ਅਧੀਨ ਆਉੇਦੇ ਰਕਬੇ ਵਿਚੋਂ ਨਦੀਨ ਨਸ਼ਟ ਕਰਵਾਏ ਜਾਣ। ਇਸ ਕੰਮ ਦੀ ਹਫ਼ਤਾਵਾਰ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨਾਂ ਕਿਸਾਨਾਂ ਨੂੰ ਵੀ ਆਪਣੇ ਖੇਤਾਂ ਦੇ ਆਲੇ-ਦੁਆਲੇ ਤੋਂ ਨਦੀਨ ਨਸ਼ਟ ਕਰਨ ਅਤੇ ਨਰਮੇ ਦੀ ਫ਼ਸਲ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸ਼੍ਰੀ ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ ਵੱਲੋਂ ਚਿੱਟੀ ਮੱਖੀ ਦੀ ਪਹਿਚਾਣ, ਜੀਵਨ ਚੱਕਰ ਅਤੇ ਇਸ ਦੇ ਨਰਮੇਂ ਦੀ ਫ਼ਸਲ ਉਪਰ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਚਿੱਟੀ ਮੱਖੀ ਨਰਮੇਂ ਦੀ ਬਿਜਾਈ ਤੋ ਪਹਿਲਾਂ ਖੇਤਾਂ ਦੀਆਂ ਵੱਟਾਂ, ਖਾਲੇ, ਪਹੀਆਂ, ਖਾਲੀ ਥਾਂਵਾ, ਸ਼ੜਕਾਂ ਦੇ ਕਿਨਾਰਿਆਂ, ਖਾਲੀ ਜਮੀਨ/ਪਲਾਟ, ਨਹਿਰਾਂ, ਕੱਸੀਆਂ ਅਤੇ ਡਰੇਨਾਂ ਵਿੱਚ ਉੱਗੇ ਨਦੀਨਾਂ ਅਤੇ ਹੋਰ ਫਸਲਾਂ ਉਪਰ ਪਲਦੀ ਰਹਿੰਦੀ ਹੈ। ਨਰਮੇਂ ਦੀ ਬਿਜਾਈ ਉਪਰੰਤ ਨਦੀਨਾਂ ਉਪਰ ਪਲ ਰਹੀ ਚਿੱਟੀ ਮੱਖੀ ਨਰਮੇਂ ਦੀ ਫਸਲ ਤੇ ਹਮਲਾ ਕਰ ਦਿੰਦੀ ਹੈ।
ਉਨਾਂ ਕਿਹਾ ਚਿੱਟੀ ਮੱਖੀ ਦਾ ਸਰਕਲ ਤੋੜਨ ਲਈ ਇਹ ਜਰੂਰੀ ਹੈ ਕਿ ਚਿੱਟੀ ਮੱਖੀ ਦੇ ਪਨਾਹਗੀਰ ਨਦੀਨ ਜਿਵੇ ਕਿ ਪੀਲੀ ਬੂਟੀ, ਪੁੱਠ ਕੰਡਾਂ, ਧਤੂਰਾ, ਦੋਧਕ, ਮਿਲਕ ਵੀਡ, ਬਾਥੂ, ਕੰਗੀ ਬੂਟੀ, ਚਲਾਈ, ਗੁਵਾਰਾ ਫਲੀ, ਭੰਬੋਲਾਂ, ਤਾਦਲਾਂ, ਗੁਲਾਬੀ, ਹੁਲਹੁਲ, ਮਾਕੜੂ ਵੇਲ, ਗਾਜਰ ਘਾਹ ਅਤੇ ਭੰਗ ਬਿਜਾਈ ਤੋ ਪਹਿਲਾਂ ਨਸ਼ਟ ਕੀਤੇ ਜਾਣ। ਇਹ ਨਦੀਨ ਨਸ਼ਟ ਕਰਨ ਨਾਲ ਚਿੱਟੀ ਮੱਖੀ ਦੀ ਰੋਕਥਾਮ ਦੇ ਨਾਲ-2 ਨਰਮੇਂ ਦੀ ਫ਼ਸਲ ਉਪਰ ਮੀਲੀ ਬੱਗ ਅਤੇ ਪੱਤਾ ਮਰੋੜ ਬਿਮਾਰੀ ਦੀ ਵੀ ਰੋਕਥਾਮ ਹੁੰਦੀ ਹੈ।m ਉਨਾਂ ਦੱਸਿਆ ਕਿ ਸਾਉਣੀ 2015 ਦੌਰਾਨ ਨਰਮੇਂ ਦੀ ਫਸਲ ਉਪਰ ਚਿੱਟੀ ਮੱਖੀ ਦੇ ਬਹੁਤ ਗੰਭੀਰ ਹਮਲੇ ਕਾਰਨ ਫਸਲ ਦਾ ਬਹੁਤ ਨੁਕਸਾਨ ਹੋਇਆ ਸੀ ਜਿਸ ਨੂੰ ਮੱਦੇ ਨਜਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਾਉਣੀ 2016 ਦੌਰਾਨ ਨਰਮੇਂ ਦੀ ਫਸਲ ਨੂੰ ਮੁੜ ਸੁਰਜੀਤ ਕਰਨ ਲਈ ਬਹੁਤ ਉਪਰਾਲੇ ਕੀਤੇ ਸਨ, ਜਿਨਾਂ ਵਿੱਚੋ ਨਦੀਨ ਨਸ਼ਟ ਮੁਹਿੰਮ ਇੱਕ ਅਹਿਮ ਉਪਰਾਲਾ ਸੀ। ਉਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਨਦੀਨ ਨਸ਼ਟ ਕਰਨ ਅਤੇ ਨਰਮੇਂ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਜਾਗਰੂਕ ਕੀਤਾ ਜਾਵੇਗਾ।