Punjab

ਅੰਮ੍ਰਿਤਸਰ ਦਾ ਰੇਲ ਸਫਰ ਹੌਵੇਗਾ ਮਹਿੰਗਾ

ਹਵਾਈ ਅੱਡੇ ਦੀ ਤਰ੍ਹਾਂ ਜਲਦ ਹੀ ਤੁਹਾਨੂੰ ਰੇਲਵੇ ਸਟੇਸ਼ਨਾਂ ‘ਤੇ ਵੀ ਯੂਜ਼ਰ ਫੀਸ ਚੁਕਾਉਣੀ ਪਵੇਗੀ, ਜਿਸ ਨਾਲ ਤੁਹਾਡੀ ਟਿਕਟ ਕੀਮਤ ‘ਚ ਥੋੜ੍ਹਾ-ਬਹੁਤ ਵਾਧਾ ਹੋ ਜਾਵੇਗਾ। ਇਹ ਫੀਸ ਉਨ੍ਹਾਂ ਸਟੇਸ਼ਨਾਂ ‘ਤੇ ਲੱਗੇਗੀ ਜਿਨ੍ਹਾਂ ਨੂੰ ਨਿੱਜੀ ਭਾਈਵਾਲਾਂ ਦੀ ਸਹਾਇਤਾ ਨਾਲ ਵਿਕਸਤ ਕੀਤਾ ਜਾਣਾ ਹੈ। ਇਨ੍ਹਾਂ ‘ਚ ਅੰਮ੍ਰਿਤਸਰ, ਨਾਗਪੁਰ, ਗਵਾਲੀਅਰ ਤੇ ਸਾਬਰਮਤੀ ਰੇਲਵੇ ਸਟੇਸ਼ਨ ਸ਼ਾਮਲ ਹਨ। ਇਨ੍ਹਾਂ ਦੇ ਪੁਨਰ ਨਿਰਮਾਣ ‘ਤੇ 1,296 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ, ਜਿਸ ਲਈ ਬੋਲੀ ਮੰਗਵਾਈ ਗਈ ਹੈ। ਫਿਲਹਾਲ ਜਨਸੁਵਿਧਾ ਵਿਕਾਸ ਚਾਰਜ (ਯੂ. ਡੀ. ਐੱਫ.) ਹਵਾਈ ਅੱਡਿਆਂ ‘ਤੇ ਚਾਰਜ ਕੀਤਾ ਜਾਂਦਾ ਹੈ।

ਯੂ. ਡੀ. ਐੱਫ. ਟੈਕਸ ਦਾ ਹਿੱਸਾ ਹੁੰਦਾ ਹੈ, ਜਿਸ ਦਾ ਹਵਾਈ ਯਾਤਰੀ ਭੁਗਤਾਨ ਕਰਦੇ ਹਨ। ਹਰ ਹਵਾਈ ਅੱਡੇ ‘ਤੇ ਇਸ ਦੀ ਦਰ ਵੱਖ-ਵੱਖ ਹੁੰਦੀ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਹਵਾਈ ਅੱਡਾ ਕਿਸ ਤਰ੍ਹਾਂ ਦਾ ਹੈ। ਇਸੇ ਤਰ੍ਹਾਂ ਨਵੇਂ ਵਿਕਸਤ ਹੋਣ ਵਾਲੇ ਰੇਲਵੇ ਸਟੇਸ਼ਨਾਂ ‘ਤੇ ਵੀ ਚਾਰਜ ਦੀ ਦਰ ਵੱਖ-ਵੱਖ ਹੋਵੇਗੀ। ਰੇਲਵੇ ਬੋਰਡ ਦੇ ਚੇਅਰਮੈਨ ਵੀ. ਕੇ. ਯਾਦਵ ਨੇ ਇਕ ਪ੍ਰੈਸ ਬ੍ਰੀਫਿੰਗ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰਾਲਾ ਵੱਲੋਂ ਜਲਦ ਹੀ ਵਸੂਲ ਕੀਤੀ ਜਾਣ ਵਾਲੀ ਫੀਸ ਨੂੰ ਨੋਟੀਫਾਈਡ ਕੀਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਕਿਹਾ ਕਿ ਯੂ. ਡੀ. ਐੱਫ. ਚਾਰਜ ਮਾਮੂਲੀ ਹੀ ਹੋਵੇਗਾ, ਜਿਸ ਨਾਲ ਮੁਸਾਫਰਾਂ ਦੀ ਜੇਬ ‘ਤੇ ਕੋਈ ਵਾਧੂ ਬੋਝ ਨਹੀਂ ਪਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਭਾਰਤੀ ਰੇਲਵੇ ਸਟੇਸ਼ਨ ਪੁਨਰ ਵਿਕਾਸ ਨਿਗਮ ਲਿਮਟਿਡ ਜ਼ਰੀਏ 2020-21 ‘ਚ 50 ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ਬਣਾਈ ਹੈ, ਤਾਂ ਕਿ ਲੋਕਾਂ ਨੂੰ ਬਿਹਤਰ ਤੇ ਆਧੁਨਿਕ ਸੇਵਾਵਾਂ ਮਿਲਣ।

Leave a Reply

Your email address will not be published. Required fields are marked *

Back to top button