ਸ਼ਹੀਦਾਂ ਦੀ ਧਰਤੀ 'ਤੇ ਕਿਸਾਨ ਮਾਰੂ ਮਨਸੂਬੇ ਪੂਰੇ ਨਹੀਂ ਹੋਣ ਦਿਆਂਗੇ-ਬੰਟੀ ਰੋਮਾਣਾ

,

ਫਿਰੋਜ਼ਪੁਰ:- ਅੰਗਰੇਜ ਰਾਜ ਖਤਮ ਕਰਨ ਲਈ ਪੰਜਾਬ ਦੇ ਭਗਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਪੂਰੇ ਦੇਸ਼ ਦੀ ਆਜਾਦੀ ਲਈ ਜੋ ਬਲਿਦਾਨ ਦਿੱਤਾ ਸੀ ਸ਼ਾਇਦ ਉਸ ਨੂੰ ਕੇਂਦਰ ਦੀ ਮੌਜੂਦਾ ਭਾਜਪਾ ਸਰਕਾਰ ਭੁੱਲ ਚੁੱਕੀ ਹੈ ਤੇ ਇਹੀ ਕਾਰਨ ਹੈ ਕਿ ਕੁਝ ਕੁ ਪੂੰਜੀਪਤੀਆਂ ਨੂੰ ਖੁਸ਼ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ 'ਤੇ ਤੁਲੀ ਹੋਈ ਹੈ ਲੇਕਿਨ ਅਕਾਲੀ ਦਲ ਕੇਂਦਰ ਸਰਕਾਰ ਦੇ ਮਨਸੂਬੇ ਪੂਰੇ ਨਹੀਂ ਹੋਣ ਦੇਵੇਂਗਾ, ਇਹ ਪ੍ਰਗਟਾਵਾ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਜੀ ਦੀ ਯਾਦਗਾਰ 'ਤੇ ਕੀਤਾ ਗਿਆ, ਜਿੱਥੇ ਉਨਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਨਾਲ ਹੀ ਅਕਾਲੀ ਦਲ ਵੱਲੋਂ ਪ੍ਰਣ ਲਿਆ ਕਿ ਜਿਸ ਤਰਾਂ ਸ਼ਹੀਦ ਭਗਤ ਸਿੰਘ ਨੇ ਦੇਸ਼ ਵਾਸੀਆਂ ਦੀ ਅਜਾਦੀ ਲਈ ਆਖਰੀ ਸਾਹ ਤੱਕ ਸੰਘਰਸ਼ ਕੀਤਾ ਉਸੇ ਤਰਾਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਵਰਕਰ ਤਦ ਤੱਕ ਕੇਂਦਰ ਸਰਕਾਰ ਖਿਲਾਫ ਸੰਘਰਸ਼ ਨੂੰ ਜਾਰੀ ਰੱਖਣਗੇ ਜਦੋਂ ਤੱਕ ਇਹ ਸਰਕਾਰ ਖੇਤੀ ਸਬੰਧੀ ਪਾਸ ਕੀਤੇ ਗਏ ਬਿੱਲਾਂ ਨੂੰ ਵਾਪਿਸ ਨਹੀਂ ਲੈ ਲੈਂਦੀ।

ਬੰਟੀ ਰੋਮਾਣਾ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਨੇ ਜਿਸ ਸੱਚੀ ਸੁੱਚੀ ਸੋਚ ਨਾਲ ਅਜਾਦੀ ਲਈ ਲੜਾਈ ਲੜੀ ਸੀ ਉਸ ਸੋਚ ਨੂੰ ਮੁਕੰਮਲ ਕਰਨਾ ਹੁਣ ਨੌਜਵਾਨ ਪੀੜੀ ਦੇ ਹੱਥ ਹੈ ਤੇ ਇਤਹਾਸ ਗਵਾਹ ਹੈ ਕਿ ਜਦੋਂ -ਜਦੋਂ ਵੀ ਨੌਜਵਾਨਾਂ ਨੇ ਇਕੱਠੇ ਹੋ ਕੇ ਹੰਭਲਾ ਮਾਰਿਆ ਹੈ ਤਦ-ਤਦ ਸੰਘਰਸ਼ਾਂ ਨੂੰ ਜਿੱਤ ਦਾ ਬੂਰ ਜਰੂਰ ਪਿਆ ਹੈ ਤੇ ਮੌਜੂਦਾ ਚੁਣੌਤੀ ਨੂੰ ਹੱਲ ਕਰਨ ਲਈ ਯੂਥ ਅਕਾਲੀ ਦਲ ਸੂਬੇ ਦੇ ਨੌਜਵਾਨ ਵਰਗ ਨੂੰ ਨਾਲ ਲੈ ਕੇ ਇਸੇ ਤਰਾਂ ਦਾ ਹੀ ਹੰਭਲਾ ਮਾਰੇਗਾ ਤੇ ਤਦ ਤੱਕ ਸੰਘਰਸ਼ ਜਾਰੀ ਰੱਖੇਗਾ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਅੱਗੇ ਗੋਡੇ ਨਹੀਂ ਟੇਕ ਦਿੰਦੀ। ਉਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨਾਲੋ ਗੱਠਜੋੜ ਤੋੜ ਕੇ ਪਹਿਲਾ ਹੀ ਇਹ ਸਬੂਤ ਦਿੱਤਾ ਜਾ ਚੁੱਕਾ ਹੈ ਕਿ ਪਾਰਟੀ ਨੂੰ ਕਿਸਾਨੀ ਹਿੱਤ ਪਹਿਲਾ ਤੇ ਸਰਕਾਰਾਂ ਬਾਅਦ ਵਿਚ ਹਨ ਕਿਉਂਕਿ ਅਕਾਲੀ ਦਲ ਤਾਂ ਹੈ ਹੀ ਕਿਸਾਨਾਂ ਦੀ ਪਾਰਟੀ। ਉਨਾਂ ਕਿਹਾ ਕਿ 1 ਅਕਤੂਬਰ ਤੋਂ ਅਕਾਲੀ ਦਲ ਆਪਣੇ ਸੰਘਰਸ਼ ਨੂੰ ਤਿੱਖਾ ਕਰੇਗਾ ਤੇ ਉਸੇ ਦਿਨ ਪੂਰੇ ਪੰਜਾਬ ਤੋਂ ਹਰ ਵਰਗ ਨਾਲ ਜੁੜੇ ਹਜਾਰਾਂ ਲੋਕ ਚੰਡੀਗੜ ਵੱਲ ਕੂਚ ਕਰਨਗੇ ਤਾਂ ਜੋ ਕੇਂਦਰ ਸਰਕਾਰ ਤੇ ਉਨਾਂ ਦੇ ਪੂਜੀਪਤੀ ਯਾਰਾਂ ਨੂੰ ਸਿੱਧਾ ਸੁਨੇਹਾ ਦਿੱਤਾ ਜਾਵੇ ਕਿ ਇਸ ਧਰਤੀ 'ਤੇ ਧੱਕਾ ਬਰਦਾਸ਼ਤ ਕਰਨ ਵਾਲੇ ਲੋਕ ਨਹੀਂ ਵੱਸਦੇ। ਜਿਕਰਯੋਗ ਹੈ ਕਿ ਜਿਸ ਸਮੇਂ ਯੂਥ ਅਕਾਲੀ ਦਲ ਦੇ ਪ੍ਰਧਾਨ ਬੰਟੀ ਰੋਮਾਣਾ ਹੁਸੈਨੀਵਾਲਾ ਪੁੱਜੇ ਤਦ ਉਨਾਂ ਨਾਲ ਗੁਰਕੰਵਲਜੀਤ ਸਿੰਘ ਸਰਪੰਚ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਫਰੀਦਕੋਟ, ਸੁਰਿੰਦਰ ਸਿੰਘ ਬੱਬੂ ਜਿਲਾਂ ਪ੍ਰਧਾਨ ਯੂਥ ਅਕਾਲੀ ਦਲ ਫਿਰੋਜਪੁਰ, ਗੁਰਕੀਰਤ ਸਿੰਘ ਸੰਧੂ, ਹਰਪ੍ਰੀਤ ਸਿੰਘ ਟਿੰਕੂ, ਮਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਉਨਾਂ ਨਾਲ ਮੌਜੂਦ ਸਨ।