Punjab

ਮੁੱਖ ਮੰਤਰੀ ਦੀ ਅਪੀਲ ਸਵੀਕਾਰ, ਕੇਂਦਰ ਵੱਲੋਂ ਕੈਂਪਾ ਫੰਡ ਲਈ 1040 ਕਰੋੜ ਰੁਪਏ ਪ੍ਰਵਾਨ

 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਅਪੀਲ ਨੂੰ ਸਵੀਕਾਰ ਕਰਦਿਆਂ ਕੇਂਦਰ ਸਰਕਾਰ ਨੇ  ਹਰਿਆ ਭਰਿਆ ਪੰਜਾਬ ਬਣਾਉਣ ਲਈ ਕੈਂਪਾ (ਕੰਪਨਸੇਟਰੀ ਅਫਾਰਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਟੀ) ਲਈ 1040 ਕਰੋੜ ਰੁਪਏ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਨਵੀਂ ਦਿੱਲੀ ਵਿਖੇ ਸੂਬੇ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੇਂਦਰੀ ਵਾਤਾਵਰਨ ਅਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵੇਦਕਰ ਪਾਸੋਂ ਪ੍ਰਵਾਨਗੀ ਪੱਤਰ ਹਾਸਲ ਕੀਤਾ। ਇਸ ਮੌਕੇ ਸ੍ਰੀ ਜਾਵੇਦਕਰ ਨੇ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਅਤੇ ‘ਘਰ-ਘਰ ਹਰਿਆਲੀ’ ਵਰਗੀਆਂ ਸਕੀਮਾਂ ਰਾਹੀਂ ਚਲਾਈ ਪ੍ਰਭਾਵਸ਼ਾਲੀ ਮੁਹਿੰਮ ਦੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਮੁੱਖ ਮੰਤਰੀ ਦੀਆਂ ਹਦਾਇਤਾਂ ਮੁਤਾਬਕ ਸੂਬੇ ਵਿੱਚ ਹਰਿਆਲੀ ਹੇਠਲਾ ਰਕਬਾ ਵਧਾਉਣ ਲਈ ਪੰਜ ਸਾਲਾ ਯੋਜਨਾ ਦੇ ਤਹਿਤ ਸੂਬਾ ਸਰਕਾਰ ਇਨਾਂ ਫੰਡਾਂ ਨੂੰ ਪੜਾਅਵਾਰ ਵਰਤੋਂ ਵਿੱਚ ਲਿਆਏਗੀ। ਇਸ ਮੌਕੇ ਸ੍ਰੀ ਜਾਵੇਦਕਰ ਪਾਸੋਂ ਹੋਰ ਸੂਬਿਆਂ ਨੇ ਵੀ ਕੈਂਪਾ ਫੰਡ ਲਈ ਪ੍ਰਵਾਨਗੀ ਪੱਤਰ ਹਾਸਲ ਕੀਤੇ। ਇੱਥੇ ਇਹ ਦੱਸਣਯੋਗ ਹੈ ਕਿ ਲੰਘੀ 17 ਅਗਸਤ ਨੂੰ ਮੁੱਖ ਮੰਤਰੀ ਨੇ ਜੰਗਲਾਤ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਤੋਂ ਬਾਅਦ 19 ਅਗਸਤ ਨੂੰ ਪ੍ਰਕਾਸ਼ ਜਾਵੇਦਕਰ ਨੂੰ ਇਕ ਪੱਤਰ ਲਿਖ ਕੇ ਅਪੀਲ ਕੀਤੀ ਸੀ ਕਿ ਉਹ ਪੰਜਾਬ ਨੂੰ ਲੋੜੀਂਦੇ ਫੰਡ ਫੌਰੀ ਤੌਰ ’ਤੇ ਦੇਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਤਾਂ ਕਿ ਕੈਂਪਾ ਐਕਟ-2016 ਦੇ ਉਪਬੰਧਾਂ ਤਹਿਤ ਸੂਬਾ ਆਪਣੀਆਂ ਗਤੀਵਿਧੀਆਂ ਚਲਾ ਸਕੇ।

Leave a Reply

Your email address will not be published. Required fields are marked *

Back to top button