District NewsMalout News

ਖੇਤੀਬਾੜੀ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਰਮੇ ਦੀ ਫਸਲ ਤੇ ਫੈਰੋਮੋਨ ਟਰੈਪਸ ਸੰਬੰਧੀ ਕਿਸਾਨਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਆਯੋਜਿਤ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਗੁਰਨਾਮ ਸਿੰਘ ਅਤੇ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਮੁਕਤਸਰ ਸਾਹਿਬ ਸ੍ਰੀ ਧਰਮਪਾਲ ਮੋਰਿਆ ਦੀ ਅਗਵਾਈ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ ਜਲੰਧਰ ਦੀ ਟੀਮ ਵੱਲੋਂ ਨਰਮੇ ਦੀ ਖੇਤੀ ਤੇ ਸਰਵਪੱਖੀ ਕੀਟ ਪ੍ਰਬੰਧਨ, ਐੱਨ.ਪੀ.ਐੱਸ.ਐੱਸ ਐਪ ਅਤੇ ਫੈਰੇਮੈਨ ਟਰੈਪਸ ਸੰਬੰਧੀ ਇੱਕ ਰੋਜ਼ਾ ਟ੍ਰੇਨਿੰਗ ਰੈੱਡ ਕਰਾਸ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਕੀਤੀ ਗਈ। ਇਸ ਟ੍ਰੇਨਿੰਗ ਦੌਰਾਨ ਡਾ. ਪੀ.ਸੀ ਭਾਰਦਵਾਜ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧਨ ਦੀ ਤਕਨੀਕ ਨਾਲ ਮਿੱਤਰ ਕੀੜਿਆਂ ਰਾਹੀਂ ਦੁਸ਼ਮਣ ਕੀੜਿਆਂ ਦਾ ਪ੍ਰਬੰਧ ਕਰਨਾ ਹੈ। ਇਹ ਕਿਸਾਨਾਂ ਦੁਆਰਾ, ਕਿਸਾਨਾਂ ਲਈ ਹੀ ਅਪਣਾਈ ਗਈ ਤਕਨੀਕ ਹੈ। ਜਿਸ ਨਾਲ ਨਰਮੇ ਦੀ ਫ਼ਸਲ ਤੇ ਕੀੜੇ ਮਕੌੜਿਆਂ ਦੇ ਹਮਲੇ ਤੇ ਕਾਬੂ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਤੇ ਫੈਰਮੋਨ ਟਰੰਪਸ ਲਗਾ ਕੇ ਗੁਲਾਥੀ ਸੁੰਡੀ ਸੰਬੰਧੀ ਅਗਾਉਂ ਪਤਾ ਲਗਾਇਆ ਜਾ ਸਕਦਾ ਹੈ। ਜਿਸ ਨਾਲ ਕੀੜਿਆਂ ਦੀ ਗਿਣਤੀ ਆਰਥਿਕ ਕਾਗਾਰ ਤੋਂ ਹੇਠਾਂ ਰੱਖੀ ਜਾ ਸਕਦੀ ਹੈ।

ਡਾ. ਗੁਰਮੇਲ ਸਿੰਘ ਅਸਿਸਟੈਂਟ ਪ੍ਰੋਫੈਸਰ ਕੇ.ਵੀ.ਕੇ ਗੋਨਿਆਣਾ ਨੇ ਨਰਮੇ ਦੀ ਫ਼ਸਲ ਦੇ ਕੀਤੇ ਮਕੌੜੇ ਜਿਵੇਂ ਚਿੱਟੀ ਮੱਖੀ, ਮਿੱਲੀਬੱਗ, ਚੇਪਾ, ਥਰਿੱਪ, ਗੁਲਾਬੀ ਸੁੰਡੀ ਅਤੇ ਚਿਤਕਬਰੀ ਸੁੰਡੀ ਆਦਿ ਦੇ ਜੀਵਨ ਚੱਕਰ ਨੁਕਸਾਨ ਦੇ ਚਿੰਨ੍ਹ ਅਤੇ ਸਰਵਪੱਖੀ ਰੋਕਥਾਮ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ। ਸ੍ਰੀ ਚੰਦਨਭਾਨ ਵੱਲੋਂ ਐੱਨ.ਪੀ.ਐੱਸ.ਐੱਸ ਐਪ ਅਤੇ ਫੈਰੋਮੇਨ ਟਰੈਪਸ ਸੰਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ) ਸ੍ਰੀ ਮੁਕਤਸਰ ਸਾਹਿਬ ਵੱਲੋਂ ਬੀ.ਟੀ ਨਰਮੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੀ ਬਿਜਾਈ ਅਤੇ ਨਰਮੇ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰਹਿੰਦ ਖੂੰਹਦ ਨੂੰ ਖਤਮ ਕਰਨ ਬਾਰੇ ਅਪੀਲ ਕੀਤੀ ਤਾਂ ਜੋ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਵੇ ਅਤੇ ਨਰਮੇ ਦੇ ਖੇਤਾਂ ਦੇ ਆਸ-ਪਾਸ ਸਾਫ ਸਫ਼ਾਈ ਰੱਖੀ ਜਾਵੇ। ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨਰਮੇ ਦੀ ਫਸਲ ਨੂੰ ਖਾਦਾਂ ਦੀ ਸੰਤੁਲਿਤ ਮਾਤਰਾ ਪਾਈ ਜਾਵੇ ਤਾਂ ਜੋ ਤੱਤਾਂ ਦੀ ਘਾਟ ਨਾ ਆਵੇ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਟ੍ਰੇਨਿੰਗ ਆਪ ਸਭ ਲਈ ਬਹੁਤ ਲਾਹੇਵੰਦ ਹੋਵੇਗੀ, ਕਿਉਂਕਿ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਮੌਜੂਦਗੀ ਚੈਕ ਕਰਨ ਲਈ ਫੋਰੋਮੋਨ ਟਰੈਪਸ ਲਗਾਏ ਜਾਂਦੇ ਹਨ। ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਇਨਪੁਟਸ ਖਰੀਦਣ ਸਮੇਂ ਪੱਕੇ ਬਿੱਲ ਜ਼ਰੂਰ ਲਏ ਜਾਣ। ਇਸ ਟ੍ਰੇਨਿੰਗ ਵਿੱਚ ਸ੍ਰੀ ਸੁਖਜਿੰਦਰ ਸਿੰਘ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ। ਇਸ ਟ੍ਰੇਨਿੰਗ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ ਜਲੰਧਰ ਤੋਂ ਸ੍ਰੀ ਪਵਨ ਕੁਮਾਰ, ਸ੍ਰੀ ਚੇਤਨ, ਸ੍ਰੀ ਅੰਕਿਤ ਕੁਮਾਰ ਦੇ ਨਾਲ-ਨਾਲ ਖੇਤੀਬਾੜੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਤੋਂ ਇਲਾਵਾ ਬਹੁ-ਗਿਣਤੀ ਵਿੱਚ ਕਿਸਾਨ ਮੌਜੂਦ ਸਨ।

Author : Malout Live

Back to top button