ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੁਨੇਹਾ, ਪਿੰਡ ਮਲੋਟ ਦੀਆਂ ਵਾਲੀਬਾਲ ਟੀਮਾਂ ਨੇ ਜ਼ਿਲ੍ਹੇ ’ਚ ਮਾਰੀ ਬਾਜ਼ੀ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਕਰਵਾਏ ਗਏ ਸਕੂਲੀ ਵਾਲੀਬਾਲ ਟੂਰਨਾਮੈਂਟ ਦੌਰਾਨ ਪਿੰਡ ਮਲੋਟ ਦੀਆਂ ਵਾਲੀਬਾਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ।
ਮਲੋਟ : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਦੇ ਮੰਤਵ ਨਾਲ ਕਰਵਾਏ ਗਏ ਸਕੂਲੀ ਵਾਲੀਬਾਲ ਟੂਰਨਾਮੈਂਟ ਦੌਰਾਨ ਪਿੰਡ ਮਲੋਟ ਦੀਆਂ ਵਾਲੀਬਾਲ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਦੀਆਂ ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚ ਅੰਡਰ-14 ਅਤੇ ਅੰਡਰ-19 ਟੀਮਾਂ ਨੇ ਪਹਿਲਾ ਸਥਾਨ, ਜਦਕਿ ਅੰਡਰ-17 ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸਕੂਲੀ ਖੇਡਾਂ ਤਹਿਤ ਮੁਕਾਬਲੇ ਪਹਿਲਾਂ ਬਲਾਕ ਪੱਧਰ ’ਤੇ ਹੁੰਦੇ ਹਨ, ਜਿਸ ਤੋਂ ਬਾਅਦ ਜ਼ਿਲ੍ਹਾ, ਸਟੇਟ ਅਤੇ ਨੈਸ਼ਨਲ ਪੱਧਰ ਤੱਕ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ।
ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਪਿੰਡ ਮਲੋਟ ਦੀਆਂ ਜੇਤੂ ਟੀਮਾਂ ਹੁਣ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੀਆਂ। ਇਸ ਮੌਕੇ ਪਿੰਡ ਮਲੋਟ ਦੇ ਸਰਪੰਚ ਦਲਜੋਤ ਸਿੰਘ ਜੋਤੀ ਗਿੱਲ, ਲੋਕ ਭਲਾਈ ਮੰਚ ਦੇ ਪ੍ਰਧਾਨ ਜਗਜੀਤ ਸਿੰਘ ਔਲਖ, ਪੰਚਾਇਤ ਮੈਂਬਰ ਹਰਦੀਪ ਸਿੰਘ, ਰਮਨਦੀਪ ਸਿੰਘ ਬੁੱਟਰ, ਮਨਜੀਤ ਸਿੰਘ ਕਾਕੂ ਅਤੇ ਕੁਲਬੀਰ ਸਿੰਘ ਗਿੱਲ ਮੌਜੂਦ ਸਨ। ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਜਿੱਤ ਲਈ ਵਧਾਈ ਦਿੱਤੀ ਅਤੇ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਬੁਲਾਰਿਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਪਿੰਡ ਮਲੋਟ ਦੀਆਂ ਤਿੰਨਾਂ ਟੀਮਾਂ ਦੀ ਇਸ ਪ੍ਰਾਪਤੀ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।
Author : Malout Live



