ਮਜ਼ਦੂਰ ਦਿਵਸ ਮੌਕੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਸਬੰਧੀ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਹੋਈ ਮੀਟਿੰਗ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਚਲੀ ਕੋਠੀ ਦੇ ਘਿਰਾਓ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਬੇਰੁਜ਼ਗਾਰਾਂ ਨੂੰ ਲਾਮਬੰਦ ਕਰਨ ਲਈ ਤਿਆਰੀਆਂ ਤੇਜ਼ ਕੀਤੀਆਂ ਹਨ। ਇਸੇ ਤਹਿਤ ਸ੍ਰੀ ਗੁਰੂ ਰਵਿਦਾਸ ਭਵਨ ਮਲੋਟ ਵਿਖੇ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਰਮਨ ਕੁਮਾਰ ਮਲੋਟ ਅਤੇ ਮੁਨੀਸ਼ ਫਾਜ਼ਿਲਕਾ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ ਹੋਈ।

ਮਲੋਟ (ਪੰਜਾਬ) : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਚਲੀ ਕੋਠੀ ਦੇ ਘਿਰਾਓ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਬੇਰੁਜ਼ਗਾਰਾਂ ਨੂੰ ਲਾਮਬੰਦ ਕਰਨ ਲਈ ਤਿਆਰੀਆਂ ਤੇਜ਼ ਕੀਤੀਆਂ ਹਨ। ਇਸੇ ਤਹਿਤ ਸ੍ਰੀ ਗੁਰੂ ਰਵਿਦਾਸ ਭਵਨ ਮਲੋਟ ਵਿਖੇ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਰਮਨ ਕੁਮਾਰ ਮਲੋਟ ਅਤੇ ਮੁਨੀਸ਼ ਫਾਜ਼ਿਲਕਾ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ ਹੋਈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ, ਉਮਰ ਹੱਦ ਛੋਟ ਲੈਣ ਆਦਿ ਮੰਗਾਂ ਲਈ ਉਹਨਾਂ ਦਾ ਪੱਕਾ ਮੋਰਚਾ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪਿਛਲੇ ਕਰੀਬ ਚਾਰ ਮਹੀਨੇ ਤੋਂ ਜਾਰੀ ਹੈ। ਉਹ ਆਪਣੀਆਂ ਮੰਗਾਂ ਲਈ ਦਰਜਨਾਂ ਵਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਹੁਣ ਉਹ ਮਜ਼ਦੂਰ ਦਿਵਸ ਮੌਕੇ ਇੱਕ ਮਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।

ਉਹਨਾਂ ਦੱਸਿਆ ਕਿ ਉਹਨਾਂ ਦੀਆਂ ਮੰਗਾਂ ਕਿ ਸਿੱਖਿਆ ਵਿਭਾਗ ਵਿੱਚ ਲੈੱਕਚਰਾਰ, ਮਾਸਟਰ ਕੇਡਰ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਛੋਟ ਦੇ ਕੇ ਤੁਰੰਤ ਕੀਤਾ ਜਾਵੇ। ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋਂ ਰੱਦ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਤੁਰੰਤ ਲਈ ਜਾਵੇ ਅਤੇ ਸਿਹਤ ਵਿਭਾਗ ਮਲਟੀਪਰਪਜ਼ ਹੈੱਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ। ਇਸ ਲਈ ਉਹ ਉਦੋਂ ਤੱਕ ਮੋਰਚਾ ਵੀ ਜਾਰੀ ਰੱਖਣਗੇ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਜਨਤਕ ਰੈਲੀਆਂ ਵਿੱਚ ਵਿਰੋਧ ਕਰਨਗੇ, ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇਸ ਮੌਕੇ ਸੁਨੀਲ ਕੁਮਾਰ, ਅਸ਼ੋਕ ਕਟਾਰੀਆ, ਗਗਨ ਮਲੋਟ, ਸ਼ੁਰੇਸ਼ ਅਤੇ ਸੋਮਾ ਰਾਣੀ ਮਲੋਟ ਆਦਿ ਹਾਜ਼ਿਰ ਸਨ।

Author : Malout Live