ਕੈਬਨਿਟ ਮੰਤਰੀ ਖੁੱਡੀਆਂ ਨੇ 4.22 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਿਊ ਅਬੁੱਲਖੁਰਾਣਾ ਮਾਈਨਰ ਦਾ ਰੱਖਿਆ ਨੀਂਹ ਪੱਥਰ

ਸ. ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਲੰਬੀ ਹਲਕੇ ਦੇ ਪਿੰਡ ਦਿਉਣਖੇੜਾ ਵਿਖੇ ਨਿਊ ਅਬੁੱਲਖੁਰਾਣਾ ਮਾਈਨਰ ਦੀ ਮੁੜ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਸਰਕਾਰ ਵੱਲੋਂ ਇਸ ਮਾਈਨਰ ਤੋਂ ਨਿਕਲਣ ਵਾਲੇ 22 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨ ਲਈ 4.22 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਅਤੇ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਸ. ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਲੰਬੀ ਹਲਕੇ ਦੇ ਪਿੰਡ ਦਿਉਣਖੇੜਾ ਵਿਖੇ ਨਿਊ ਅਬੁੱਲਖੁਰਾਣਾ ਮਾਈਨਰ ਦੀ ਮੁੜ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਦਿਆਂ ਕੀਤਾ। ਉਹਨਾਂ ਦੱਸਿਆ ਕਿ ਨਿਊ ਅਬੁੱਲਖੁਰਾਣਾ ਮਾਈਨਰ ਦੀ ਮੁੜ ਉਸਾਰੀ ਕਰਨ ਨਾਲ ਲੰਬੀ ਹਲਕੇ ਦੇ ਪਿੰਡ ਡੱਬਵਾਲੀ, ਰਹੂੜਿਆਂਵਾਲੀ, ਤੱਪਾਖੇੜਾ ਅਤੇ ਲਾਲਬਾਈ ਦੇ 8 ਮੋਘਿਆਂ ਰਾਹੀਂ ਖੇਤਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ ਅਤੇ ਸਰਕਾਰ ਵੱਲੋਂ ਇਸ ਮਾਈਨਰ ਤੋਂ ਨਿਕਲਣ ਵਾਲੇ 22 ਕਿਲੋਮੀਟਰ ਖਾਲਿਆਂ ਨੂੰ ਪੱਕਾ ਕਰਨ ਲਈ 4.22 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਅੱਗੇ ਦੱਸਿਆ ਕਿ ਜਿੱਥੇ ਇਸ ਮਾਈਨਰ ਦੀ ਮੁੜ ਉਸਾਰੀ ਕੀਤੀ ਜਾ ਰਹੀ ਹੈ, ਉੱਥੇ ਹੀ ਪਾਣੀ ਦੀ ਸਮਰੱਥਾ ਵਧਾਉਣ ਲਈ ਇਸ ਨੂੰ ਚੌੜਾ ਤੇ ਡੂੰਘਾ ਵੀ ਕੀਤਾ ਜਾਵੇਗਾ। ਸਰਕਾਰ ਵੱਲੋਂ 15 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰਾਂ, ਰਜਬਾਹੇ ਤੇ ਕੱਸੀਆਂ ਨੂੰ ਪੱਕਾ ਕੀਤਾ ਹੈ ਤਾਂ ਜੋ ਟੇਲ ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ-ਸੁਥਰਾ ਪਾਣੀ ਮੁਹੱਈਆ ਹੋ ਸਕੇ ਅਤੇ 75 ਪ੍ਰਤੀਸ਼ਤ ਪਾਣੀ ਨੂੰ ਹੁਣ ਵਰਤੋਂ ਵਿੱਚ ਲਿਆਂਦਾ ਗਿਆ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਾਸ਼ਤਕਾਰਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਅਤੇ ਸਰਕਾਰ ਵੱਲੋਂ ਇਸ ਸਕੀਮ ਤਹਿਤ 40 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ, ਇਸ ਤੋਂ ਪਹਿਲਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਾਸ਼ਤਕਾਰਾਂ ਦੇ ਬੈਂਕ ਖਾਤਿਆਂ ਵਿੱਚ 32 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਨਰਮੇ ਦੀ ਕਾਸ਼ਤ ਨੂੰ ਪ੍ਰਫੁੱਲਿਤ ਕਰਨ ਲਈ 33 ਪ੍ਰਤੀਸ਼ਤ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਤਾਂ ਧਰਤੀ ਹੇਠਲੇ ਪਾਣੀ ਨੂੰ ਡੂੰਘਾ ਹੋਣ ਤੋਂ ਬਚਾਇਆ ਜਾਵੇ ਅਤੇ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਹ ਤੇ ਦੇਸ਼ੀ ਕਪਾਹ ਦੇ ਬੀਜ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਸ਼੍ਰੀ ਰਮਨਦੀਪ ਸਿੰਘ ਸਿੰਧੂ ਐਕਸੀਅਨ ਜਲ ਸਰੋਤ ਡਾ. ਗੁਰਦਿੱਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ, ਗੁਰਬਾਜ ਸਿੰਘ ਵਣਵਾਲਾ, ਨਰਜੀਤ ਸਿੰਘ ਸਰਪੰਚ ਤੱਪਾ ਖੇੜਾ, ਰਾਜਾ ਮਾਹੂਆਣਾ, ਪਰਮਪ੍ਰੀਤ ਸਿੰਘ ਸਰਪੰਚ ਭਾਗੂ, ਪਲਵਿੰਦਰ ਕੌਰ ਸਰਪੰਚ ਡੱਲਵਾਲੀ ਮਲਕੋ ਕੀ, ਗੁਰਵਿੰਦਰ ਸਿੰਘ ਪੌਪਾ ਦਿਓਣ ਖੇੜਾ, ਰਵਿੰਦਰ ਸਿੰਘ ਰਾਰਾ ਮਾਨ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭਾਗੁਹਨੀ ਬਰਾੜ, ਰਣਜੀਤ ਸਿੰਘ ਮਾਨ, ਰਵੀ ਬਰਾੜ, ਹਰਦੀਪ ਸਿੰਘ ਸਰਪੰਚ, ਜੋਗਿੰਦਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਪੀ.ਏ ਗੁਰਬਾਜ ਖੁੱਡੀਆਂ, ਮੀਡੀਆ ਐਡਵਾਈਜ਼ਰ ਮੋਹਿਤ ਸੋਨੀ ਵੀ ਮੌਜੂਦ ਸਨ।

Author : Malout Live