570 ਏਕੜ ਝੀਂਗਾ ਪਾਲਣ ਰਕਬੇ ਵਿੱਚ ਕਿਸਾਨਾਂ ਦੀ ਮਿਹਨਤ ਸਦਕਾ 1310 ਟਨ ਝੀਂਗੇ ਦਾ ਹੋਇਆ ਉਤਪਾਦਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਕੇਵਲ ਕ੍ਰਿਸ਼ਨ ਸਹਾਇਕ ਡਾਇਰੈਕਟਰ, ਮੱਛੀ ਪਾਲਣ, ਈਨਾ ਖੇੜਾ (ਸ਼੍ਰੀ ਮੁਕਤਸਰ ਸਾਹਿਬ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਜ਼ਮੀਨ ਖਾਰੇਪਣ ਅਤੇ ਸੇਮ ਨਾਲ ਪ੍ਰਭਾਵਿਤ ਹੈ, ਜਿਸ ਵਿੱਚ ਕਿਸੇ ਕਿਸਮ ਦੀ ਫਸਲ ਨਹੀਂ ਹੋ ਰਹੀ। ਜੇਕਰ ਕਿਸੇ ਫਸਲ ਦੀ ਕਾਸ਼ਤ ਹੁੰਦੀ ਵੀ ਹੈ ਤਾਂ ਉਸ ਦਾ ਝਾੜ ਨਾ-ਮਾਤਰ ਹੈ। ਅਜਿਹੀਆਂ ਜ਼ਮੀਨਾਂ ਝੀਂਗਾ ਪਾਲਣ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਖਾਰੇਪਣ ਨਾਲ ਪ੍ਰਭਾਵਿਤ ਜ਼ਮੀਨਾਂ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜ ਸਾਲਾਂ ਯੋਜਨਾ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ ਰਾਹੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਡਾ. ਰੂਹੀ ਦੁੱਗ ਡਿਪਟੀ-ਕਮਿਸ਼ਨਰ ਦੀ ਯੋਗ ਜ਼ਿਲ੍ਹੇ ਵਿੱਚ ਝੀਂਗਾ ਪਾਲਣ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ।

ਸਹਾਇਕ ਡਾਇਰੈਕਟਰ ਅਨੁਸਾਰ ਇੱਕ ਹੈਕਟਰ ਰਕਬੇ ਵਿੱਚ ਝੀਂਗਾ ਪਾਲਣ ਕਰਨ ਲਈ 14 ਲੱਖ ਪ੍ਰਤੀ ਹੈਕਟਰ ਦੀ ਪ੍ਰੋਜੈਕਟ ਲਈ ਜਨਰਲ ਕੈਟਾਗਰੀ ਦੇ ਲਾਭਪਾਤਰੀਆਂ ਨੂੰ 40% ਅਤੇ ਐੱਸ.ਸੀ ਅਤੇ ਔਰਤਾਂ ਕੈਟਾਗਰੀ ਦੇ ਲਾਭਪਾਤਰੀਆਂ ਨੂੰ 60% ਸਬਸਿਡੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਮੱਛੀ ਪਾਲਣ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਾਸ਼ਤਕਾਰਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਈਨਾ ਖੇੜਾ ਵਿਖੇ ਡੈਮੋਨਸਟ੍ਰੇਸ਼ਨ ਫਾਰਮ-ਕਮ-ਟ੍ਰੇਨਿੰਗ ਸੈਂਟਰ ਵਿਖੇ ਮਿੱਟੀ ਪਾਣੀ ਜਾਂਚ ਲੈਬ ਦੀ ਸਹੂਲਤ ਦੇ ਨਾਲ-ਨਾਲ ਝੀਂਗਾ ਪਾਲਣ ਦੀ ਟ੍ਰੇਨਿੰਗ ਵੀ ਮੁਫਤ ਦਿੱਤੀ ਜਾਂਦੀ ਹੈ ਅਤੇ ਹੁਣ ਤੱਕ ਕੁੱਲ 327 ਝੀਂਗਾ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਸਹਾਇਕ ਡਾਇਰੈਕਟਰ ਅਨੁਸਾਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਝੀਂਗਾ ਪਾਲਣ ਦਾ ਕੋਲਡ ਸਟੋਰੇਜ-ਕਮ-ਆਈਸ ਪਲਾਂਟ ਵੀ ਸਥਾਪਿਤ ਹੋ ਰਿਹਾ ਹੈ ਜੋ ਕਿ ਉੱਤਰ-ਭਾਰਤ ਦਾ ਸਭ ਤੋਂ ਪਹਿਲਾ ਕੋਲਡ ਸਟੋਰ ਯੂਨਿਟ ਹੋਵੇਗਾ। Author: Malout Live