‘ਸਾਂਸ’ ਪ੍ਰੋਗਰਾਮ ਤਹਿਤ ਬੱਚਿਆਂ ਵਿੱਚ ਨਿਮੋਨੀਆ ਦੀ ਜਲਦ ਜਾਂਚ ਸੰਬੰਧੀ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਕਰਵਾਈ ਟ੍ਰੇਨਿੰਗ

ਮਲੋਟ (ਬਠਿੰਡਾ): ਬੱਚਿਆਂ ਵਿੱਚ ਨਿਮੋਨੀਆ ਦੇ ਤੁਰੰਤ ਇਲਾਜ ਲਈ ‘ਸਾਂਸ’ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਦੀ ਅਗਵਾਈ ਵਿੱਚ ਮੈਡੀਕਲ ਅਫਸਰ ਅਤੇ ਫਾਰਮੇਸੀ ਅਫਸਰਾਂ ਦੀ ਟ੍ਰੇਨਿੰਗ ਕਰਵਾਈ ਗਈ। ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਸਿੰਗਲਾ ਨੇ ਕਿਹਾ ਕਿ ਨਿਮੋਨੀਆ ਫੇਫੜਿਆਂ ਵਿੱਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਲਈ ਬੱਚਿਆਂ ਵਿੱਚ ਨਿਮੋਨੀਆ ਦੇ ਲੱਛਣ ਹੋਣ ਤੇ ਘਰੇਲੂ ਇਲਾਜ ਵਿੱਚ ਸਮਾਂ ਨਾ ਗਵਾਓ ਅਤੇ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਮਾਹਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਬੱਚੇ ਨੂੰ ਨਿੱਘਾ ਰੱਖੋ, ਪ੍ਰਦੂਸ਼ਣ ਰਹਿਤ ਆਲਾ-ਦੁਆਲਾ ਰੱਖੋ, ਨਿੱਜੀ ਸਾਫ-ਸਫਾਈ ਰੱਖੋ ਅਤੇ ਪੂਰਾ ਟੀਕਾਕਰਨ ਜ਼ਰੂਰ ਕਰਵਾਓ। ਇਸ ਲੜੀ ਤਹਿਤ ਪੀ.ਵੀ.ਸੀ ਟੀਕਾ ਲਗਵਾਉਣਾ ਵੀ ਜਰੂਰੀ ਹੈ। ਇਸਦੇ ਨਾਲ ਹੀ ਸਮੇਂ ਸਿਰ ਬੱਚੇ ਦੀ ਸਿਹਤ ਦਾ ਨਿਰੀਖਣ ਵੀ ਜ਼ਰੂਰੀ ਹੈ। ਨਿਮੋਨੀਆ ਬਿਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਖਾਂਸੀ ਅਤੇ ਜੁਕਾਮ ਦਾ ਵੱਧਣਾ, ਸਾਹ ਤੇਜੀ ਨਾਲ ਲੈਣਾ, ਸਾਹ ਲੈਣ ਸਮੇਂ ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧੱਸਣਾਂ ਅਤੇ ਗੰਭੀਰ ਲੱਛਣ ਜਿਵੇਂ ਬੱਚੇ ਦਾ ਖਾ-ਪੀ ਨਾ ਸਕਣਾ, ਸੁਸਤੀ ਜਾਂ ਨੀਂਦ ਜਿਆਦਾ ਆਉਣਾ ਆਦਿ ਵਾਲੇ ਬੱਚਿਆਂ ਦਾ ਤੁਰੰਤ ਇਲਾਜ ਜ਼ਰੂਰੀ ਹੈ। ਇਸ ਮੌਕੇ ਡਾ. ਊਸ਼ਾ ਗੋਇਲ, ਡਾ. ਮਯੰਕਜੋਤ ਸਿੰਘ, ਡਾ. ਜਗਰੂਪ ਸਿੰਘ, ਵਿਨੋਦ ਖੁਰਾਣਾ, ਬੂਟਾ ਸਿੰਘ ਆਦਿ ਹਾਜ਼ਿਰ ਸਨ। Author: Malout Live