ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਕੁੱਝ ਵੱਖਰੇ ਅੰਦਾਜ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਿਸ਼ਵ ਵਾਤਾਵਰਣ ਦਿਵਸ ਮੌਕੇ ਸਰਕਾਰੀ ਹਾਈ ਸਕੂਲ ਕਰਮਗੜ੍ਹ ਵਿਖੇ ਮੁੱਖ ਅਧਿਆਪਕਾ ਸ਼੍ਰੀਮਤੀ ਡਿੰਪਲ ਵਰਮਾ ਦੇ ਯਤਨਾਂ ਸਦਕਾ ਭਾਰਤੀ ਫਾਊਂਡੇਸ਼ਨ, ਪੰਜਾਬ ਪੈਨਸ਼ਨਰ ਯੂਨੀਅਨ, ਪੰਜਾਬ ਪੁਲਿਸ, ਵਿਦਿਆਰਥੀ, ਕਰਮਗੜ੍ਹ ਪੰਚਾਇਤ, ਡੀ.ਐੱਮ ਸਾਇੰਸ ਸ਼੍ਰੀ ਰਾਜਨ ਗੋਇਲ, ਪਿੰਡ ਦੇ ਮੋਹਤਵਾਰ ਅਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿੱਚ ਦੋ ਵਾਤਾਵਰਣ ਭਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਗਈ। ਪਹਿਲਾ ਪ੍ਰੋਗਰਾਮ ਟਾਰਗੇਟ 500 ਦੇ ਤਹਿਤ ਸਕੂਲ ਸਟਾਫ, ਬੱਚਿਆਂ ਅਤੇ ਮਾਪਿਆਂ ਦੁਆਰਾ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਦਾ ਪ੍ਰਣ ਕੀਤਾ। ਇਸੇ ਤਰ੍ਹਾਂ ਦੂਸਰਾ ਪ੍ਰੋਗਰਾਮ ਮਿਸ਼ਨ ਆਸ਼ਿਆਨੇ ਦੇ ਤਹਿਤ ਬੇਜੁਬਾਨ ਪੰਛੀਆਂ ਨੂੰ ਆਲਣੇ ਦੇਣ ਦਾ ਪ੍ਰਬੰਧ ਕੀਤਾ ਗਿਆ।

ਇਹ ਆਲਣੇ  ਸਕੂਲ ਪੱਧਰ ਤੇ ਹੀ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਮਿਲ ਕੇ ਤਿਆਰ ਕੀਤੇ ਗਏ ਸਨ। ਮੁੱਖ ਅਧਿਆਪਕਾ ਸ਼੍ਰੀਮਤੀ ਡਿੰਪਲ ਵਰਮਾ ਨੇ ਦੱਸਿਆ ਕਿ ਇਨ੍ਹਾਂ ਯਤਨਾਂ ਦਾ ਮੰਤਵ ਵਾਤਾਵਰਣ ਦੀ ਦਸ਼ਾ ਵਿੱਚ ਸੁਧਾਰ ਲੈ ਕੇ ਆਉਣਾ ਅਤੇ ਨਾਲ ਹੀ ਬੱਚਿਆਂ ਅਤੇ ਆਮ ਲੋਕਾਂ ਨੂੰ ਪੰਛੀਆਂ ਅਤੇ ਜੀਵ-ਜੰਤੂਆਂ ਨਾਲ ਸੁਹਿਰਦ ਹੋਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਪਿੰਡ ਵਿੱਚ ਵੱਖ-ਵੱਖ ਥਾਵਾਂ ਤੇ ਆਲਣੇ ਅਤੇ ਪੌਦੇ ਲਗਾਏ ਗਏ। ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। Author : Malout Live