ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਦਿੱਤਾ ਮੰਗ ਪੱਤਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਸਭਾ ਚੋਣਾਂ ਦਾ ਮੈਦਾਨ ਭਖਣ ਤੋਂ ਪਹਿਲਾਂ ਹੀ ਪੰਜਾਬ ਦੇ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਜਨਤਾ ਦੀ ਕਚਹਿਰੀ ਵਿੱਚ ਰੱਖਣ ਅਤੇ ਆਉਂਦੇ ਤਿੰਨ ਸਾਲਾਂ ਵਿੱਚ ਰੁਜ਼ਗਾਰ ਦੇ ਮਸਲੇ ਉੱਤੇ ਸਰਕਾਰ ਨੂੰ ਗੰਭੀਰ ਹੋਣ ਦੀ ਚਿਤਾਵਨੀ ਦੇਣ ਲਈ ਆਪਣਾ ਸੰਘਰਸ਼ ਵਿੱਢਿਆ ਹੋਇਆ ਹੈ। ਪੰਜ ਬੇਰੁਜ਼ਗਾਰ ਜੱਥੇਬੰਦੀਆਂ ਦੇ ਸਾਂਝੇ ਰੂਪ ਵਿੱਚ ਬਣੇ ਬੇਰੁਜ਼ਗਾਰ ਸਾਂਝੇ ਮੋਰਚੇ ਸੂਬਾ ਆਗੂ ਰਮਨ ਕੁਮਾਰ ਮਲੋਟ ਦੀ ਅਗਵਾਈ ਵਿੱਚ ਮਲੋਟ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਦੇ ਨਿਵਾਸ ਵਿਖੇ ਮੀਟਿੰਗ ਕਰਕੇ ਮੰਗ ਪੱਤਰ ਦਿੱਤਾ ਗਿਆ ਅਤੇ ਮੰਤਰੀ ਨੂੰ ਬੇਰੁਜ਼ਗਾਰਾਂ ਦੀਆਂ ਮੰਗਾਂ ਬਾਰੇ ਜਾਣੂੰ ਕਰਵਾਇਆ ਗਿਆ। ਮੰਤਰੀ ਵੱਲੋਂ ਬੇਰੁਜ਼ਗਾਰਾਂ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਮੁੱਖ ਮੰਤਰੀ ਪੰਜਾਬ ਨਾਲ ਮੋਰਚੇ ਦੀਆਂ ਮੰਗਾਂ ਸੰਬੰਧੀ ਗੱਲਬਾਤ ਕਰਨਗੇ ਤਾਂ ਜੋ ਚੋਣ ਜਾਬਤਾ ਹੱਟਣ ਉਪਰੰਤ ਹੀ ਇਨ੍ਹਾਂ ਦਾ ਜਲਦੀ ਹੱਲ ਕਰਵਾਇਆ ਜਾ ਸਕੇ।
ਸੰਦੀਪ ਕੁਮਾਰ ਮਲੋਟ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਨੇ ਦੋ ਸਾਲ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਭਰਤੀ ਨਹੀਂ ਕੀਤੀ। ਮੋਰਚੇ ਦੀਆਂ ਮੁੱਖ ਮੰਗਾਂ, ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ, ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ, ਮਲਟੀਪਰਪਜ਼ ਹੈੱਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ, ਲੈੱਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਅਤੇ ਓਵਰਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ। Author : Malout Live