ਵਕੀਲਾਂ ਨੇ ਫਿਰ ਤੋਂ ਐੱਸ. ਐੱਸ. ਪੀ. ਦਫਤਰ ਸਾਹਮਣੇ ਦਿੱਤਾ ਧਰਨਾ
ਬਠਿੰਡਾ:- ਦੋ ਦਿਨ ਦੀ ਛੁੱਟੀ ਤੋਂ ਬਾਅਦ ਸੋਮਵਾਰ ਫਿਰ ਤੋਂ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਵਕੀਲਾਂ ਵਲੋਂ ਐੱਸ. ਐੱਸ. ਪੀ. ਦਫਤਰ ਸਾਹਮਣੇ ਧਰਨਾ ਦੇ ਕੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਦਕਿ ਧਰਨੇ ਤੋਂ ਬਾਅਦ ਸਾਰੇ ਵਕੀਲਾਂ ਵਲੋਂ ਪ੍ਰੈੱਸ ਕਲੱਬ ’ਚ ਕਾਨਫਰੰਸ ਕੀਤੀ ਗਈ। ਵਕੀਲਾਂ ਨੇ ਕਿਹਾ ਕਿ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਕਿਸੇ ਵੀ ਕੀਮਤ ’ਤੇ ਚੁੱਪ ਨਹੀਂ ਰਹਿਣਗੇ ਜਦਕਿ ਪੁਲਸ ਪ੍ਰਸ਼ਾਸਨ ਪ੍ਰਦਰਸ਼ਨਕਾਰੀਆਂ ਦੀ ਆਪਸੀ ਫੁੱਟ ਕਰਵਾਉਣਾ ਚਾਹੁੰਦਾ ਹੈ ਪਰ ਉਹ ਕਦੇ ਵੱਖ-ਵੱਖ ਨਹੀਂ ਹੋਣਗੇ ਬਲਕਿ ਇਕਜੁਟ ਹੋ ਕੇ ਸੰਘਰਸ਼ ਕਰਨਗੇ। ਵਕੀਲ ਆਗੂਆਂ ਨੇ ਐਲਾਨ ਕੀਤਾ ਕਿ ਜੀਦਾ ਖਿਲਾਫ ਦਰਜ ਕੇਸ ਰੱਦ ਕਰ ਕੇ, ਟ੍ਰੈਫਿਕ ਪੁਲਸ ਦੇ ਹੌਲਦਾਰ ਸਮੇਤ ਹੋਰ ਮੁਲਾਜ਼ਮ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੇ ਬਿਨਾਂ ਉਹ ਸੰਘਰਸ਼ ਖਤਮ ਨਹੀਂ ਕਰਨਗੇ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਜਲਾਲ, ਐਡਵੋਕੇਟ ਸੰਦੀਪ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਪ੍ਰਸ਼ਾਸਨ ਚਾਹੁੰਦਾ ਤਾਂ ਪਹਿਲੇ ਦਿਨ ਹੀ ਇਸ ਮਾਮਲੇ ਦਾ ਹੱਲ ਹੋ ਜਾਂਦਾ ਪਰ ਪੁਲਸ ਅਧਿਕਾਰੀਆਂ ਦੀ ਨਾਲਾਇਕੀ ਨਾਲ ਇਹ ਮਾਮਲਾ ਵਿਗਡ਼ਿਆ ਹੈ, ਜੋ ਅਜੇ ਤੱਕ ਲਟਕਿਆ ਹੋਇਆ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੁਲਸ ਵਕੀਲ ਭਾਈਚਾਰੇ ਨਾਲ ਰੰਜਿਸ਼ ਰੱਖ ਰਹੀ ਹੈ। ਇਸ ਮੌਕੇ ਪ੍ਰਦਰਸ਼ਕਾਰੀਆਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਅੰਤ ’ਚ ਇਹ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਜੀਦਾ ਖਿਲਾਫ ਕੇਸ ਰੱਦ ਨਹੀਂ ਕੀਤਾ ਜਾਂਦਾ ਉਦੋਂ ਤੱਕ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਕੀਲਾਂ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੁਟੀ ਸਮੇਤ ਹੋਰ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਹੌਲਦਾਰ ਖਿਲਾਫ ਦਰਜ ਕੀਤੀ ਡੀ. ਡੀ. ਆਰ. ਦੀ ਕਾਪੀ ਦੇਣ ਤੋਂ ਮਨ੍ਹਾ ਕਰ ਰਹੀ ਹੈ, ਜਦਕਿ ਕੇਸ ਦਰਜ ਹੋਣ ਤੋਂ ਬਾਅਦ ਪੀਡ਼ਤ ਨੂੰ ਐੱਫ. ਆਈ. ਆਰ. ਦੀ ਕਾਪੀ ਦੇਣੀ ਹੁੰਦੀ ਹੈ। ਵਕੀਲ ਆਗੂਆਂ ਨੇ ਕਿਹਾ ਕਿ ਜ਼ਮਾਨਤ ਤੋਂ ਬਾਅਦ ਨਵਦੀਪ ਸਿੰਘ ਜੀਦਾ ਤਫਤੀਸ਼ ’ਚ ਸ਼ਾਮਲ ਹੋਣ ਲਈ ਥਾਣਾ ਸਿਵਲ ਲਾਈਨ ਗਏ ਸੀ ਪਰ ਡੇਢ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਜਾਣਬੁੱਝ ਕੇ ਤਫਤੀਸ਼ ’ਚ ਸ਼ਾਮਲ ਨਹੀਂ ਕੀਤਾ ਗਿਆ। ਕੁਟੀ ਨੇ ਕਿਹਾ ਕਿ ਪੁਲਸ ਨੇ ਹੌਲਦਾਰ ਦੇ ਵਰਦੀ ਪਾਡ਼ਨ ਦੇ ਜੀਦਾ ’ਤੇ ਲਾਏ ਦੋਸ਼ ਵੀ ਗਲਤ ਸਾਬਤ ਹੋ ਰਹੇ ਹਨ। ਵਕੀਲਾਂ ਨੇ ਕਿਹਾ ਕਿ ਘਟਨਾ ਤੋਂ ਬਾਅਦ ਜੀਦਾ ਨੂੰ ਕਰੀਬ ਦੋ ਘੰਟੇ ਥਾਣੇ ’ਚ ਬੰਦ ਰੱਖਿਆ ਗਿਆ, ਜਿਸ ਲਈ ਸਿੱਧੇ ਤੌਰ ’ਤੇ ਪੁਲਸ ਜ਼ਿੰਮੇਵਾਰ ਹੈ। ਅੰਤ ’ਚ ਵਕੀਲਾਂ ਨੇ ਇਸ ਮਾਮਲੇ ਦੀ ਨਿਰਪੱਖ ਢੰਗ ਨਾਲ ਜਾਂਚ ਕਰ ਕੇ ਇਨਸਾਫ ਦਿੱਤੇ ਜਾਣ ਦੀ ਮੰਗ ਕੀਤੀ।