ਮੁੱਖ ਖੇਤੀਬਾੜੀ ਅਫਸਰ ਨੇ ਜਿਲ੍ਹੇ ਅੰਦਰ ਕਿਸਾਨਾਂ ਨੂੰ ਮਿਆਰੀ ਇਨਪੁਟਸ ਮੁਹੱਈਆ ਕਰਵਾਉਣ ਲਈ ਖਾਦ, ਬੀਜ ਅਤੇ ਪੈਸਟੀਸਾਈਡ ਵਿਕਰੇਤਾਵਾਂ ਨੂੰ ਜਾਰੀ ਕੀਤੀਆਂ ਵਿਸ਼ੇਸ਼ ਹਦਾਇਤਾਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਬਲਾਕ ਲੰਬੀ ਦੇ ਸਮੂਹ ਪੈਸਟੀਸਾਈਡ ਡੀਲਰਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੰਮ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਨ੍ਹਾਂ ਸਮੂਹ ਡੀਲਰਾਂ ਨੂੰ ਆਉਣ ਵਾਲੇ ਨਰਮੇ ਅਤੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਮੁਤਾਬਿਕ ਚੰਗੇ ਅਤੇ ਮਿਆਰੀ ਖੇਤੀ ਇਨਪੁਟਸ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਲਈ ਹਦਾਇਤ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਡੀਲਰਾਂ ਪਾਸੋਂ ਜੋ ਵੀ ਇਨਪੁਟਸ ਖ਼ਰੀਦਦੇ ਹਨ, ਉਸ ਦਾ ਪੱਕਾ ਬਿੱਲ ਕੱਟ ਕੇ ਦਿੱਤਾ ਜਾਵੇ ਅਤੇ ਕਿਸਾਨਾਂ ਨੂੰ ਬੇਲੋੜੀ ਸਮੱਗਰੀ ਨਾ ਦਿੱਤੀ ਜਾਵੇ।
ਚੈਕਿੰਗ ਦੌਰਾਨ ਜੇਕਰ ਕੋਈ ਡੀਲਰ ਬਗੈਰ ਬਿੱਲ ਤੋਂ ਖਾਦ, ਦਵਾਈ ਜਾਂ ਬੀਜ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖਾਦ, ਕੀੜੇਮਾਰ ਜ਼ਹਿਰ ਜਾਂ ਬੀਜ ਖ਼ਰੀਦਣ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਮਨ੍ਹਾ ਕਰਦਾ ਹੈ ਤਾਂ ਇਸ ਸੰਬੰਧੀ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਦੇ ਧਿਆਨ ਵਿੱਚ ਜ਼ਰੂਰ ਲਿਆਂਦਾ ਜਾਵੇ। ਇਸ ਮੌਕੇ ਡਾ. ਸੁਖਚੈਨ ਸਿੰਘ ਏ.ਡੀ.ਓ-ਕਮ-ਖਾਦ/ਬੀਜ ਇੰਸਪੈਕਟਰ, ਡਾ. ਗੁਰਜੀਤ ਸਿੰਘ ਏ.ਡੀ.ਓ-ਕਮ-ਇੰਸੈਕਟੀਸਾਈਡ ਇੰਸਪੈਕਟਰ ਅਤੇ ਡਾ. ਜਸ਼ਨਪ੍ਰੀਤ ਸਿੰਘ ਏ.ਡੀ.ਓ-ਕਮ-ਜਿਲ੍ਹਾ ਇੰਨਫੋਰਸਮੈਂਟ ਹਾਜ਼ਿਰ ਸਨ। Author: Malout Live