ਕੇਂਦਰ ਸਰਕਾਰ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਰੁਪਏ ਦਾ ਸਿੱਕਾ ਕਰੇਗੀ ਜਾਰੀ
ਅੰਮ੍ਰਿਤਸਰ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਜਿਥੇ ਦੇਸ਼-ਵਿਦੇਸ਼ਾਂ 'ਚ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਉਥੇ ਇਸ ਪ੍ਰਕਾਸ਼ ਪੁਰਬ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕੇਂਦਰ ਸਰਕਾਰ ਨੇ 550 ਰੁਪਏ ਦਾ ਇਕ ਨਵਾਂ ਸਿੱਕਾ ਪ੍ਰਕਾਸ਼ ਪੁਰਬ ਵਾਲੇ ਦਿਨ ਜਾਰੀ ਕਰਨ ਦਾ ਐਲਾਨ ਕੀਤਾ ਹੈ, ਜਿਸ ਦੀ ਸ਼ਲਾਘਾ ਪੂਰੇ ਸਿੱਖ ਪੰਥ 'ਚ ਹੋ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੇ ਇਸ ਸਿੱਕੇ ਦੇ ਡਿਜ਼ਾਈਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਪੂਰਾ ਤਾਲਮੇਲ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਜੋ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਆਯੋਜਿਤ ਕੀਤਾ ਜਾਵੇਗਾ, 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਈ ਕੇਂਦਰੀ ਮੰਤਰੀ ਤੇ ਪੰਜਾਬ ਸਰਕਾਰ ਦੇ ਮੰਤਰੀ ਮੰਡਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਪੰਥਕ ਸ਼ਖਸੀਅਤਾਂ ਸ਼ਾਮਿਲ ਹੋ ਰਹੀਆਂ ਹਨ। ਇਸ ਮੌਕੇ ਕੇਂਦਰ ਸਰਕਾਰ 550 ਰੁਪਏ ਦਾ ਇਕ ਨਵਾਂ ਖੂਬਸੂਰਤ ਸਿੱਕਾ ਜਾਰੀ ਕਰ ਰਹੀ ਹੈ।