ਚੀਰਾ ਰਹਿਤ ਨਸਬੰਦੀ ਪੰਦੜਵਾੜਾ ਸਬੰਧੀ ਕੀਤੀ ਗਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ:- ਸਿਵਲ ਸਰਜਨ ਡਾ. ਨਵਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਵਿੱਚ 21 ਨਵੰਬਰ ਤੋਂ 4 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੀ.ਐਚ.ਸੀ. ਚੱਕ ਸ਼ੇਰੇਵਾਲਾ ਵਿਖੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ (ਮੇਲ ਅਤੇ ਫੀਮੇਲ), ਕਮਿਊਨਿਟੀ ਹੈਲਥ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰ (ਮੇਲ ਅਤੇ ਫੀਮੇਲ) ਦੀ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।
ਇਸ ਸਮੇਂ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਨਸਬੰਦੀ ਕੇਸਾਂ ਦੀ ਗਿਣਤੀ ਘੱਟ ਹੋਣ ਕਾਰਣ ਵਿਸ਼ੇਸ ਚੀਰਾ ਰਹਿਤ ਨਸਬੰਦੀ ਪੰਦਰਵਾੜਾ ਪੂਰੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ 21 ਨਵੰਬਰ ਤੋਂ 27 ਨਵੰਬਰ ਤੱਕ ਦੰਪਤੀ ਸੰਪਰਕ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਹਤ ਵਿਭਾਗ ਦੇ ਫੀਲਡ ਸਟਾਫ਼, ਮਲਟੀਪਰਪਜ਼ ਹੈਲਥ ਵਰਕਰ (ਮੇਲ ਅਤੇ ਫੀਮੇਲ), ਆਸ਼ਾ ਵਰਕਰ ਘਰ ਘਰ ਜਾ ਕੇ ਸਰਵੇ ਕਰ ਕੇ ਲੋਕਾਂ ਨੂੰ ਚੀਰਾ ਰਹਿਤ ਨਸਬੰਦੀ ਸਬੰਧੀ ਜਾਗਰੂਕ ਕਰਨਗੇ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਲੈਣ ਲਈ ਪ੍ਰੇਰਿਤ ਕਰਨਗੇ।
ਇਸੇ ਤਰ੍ਹਾਂ ਆਬਾਦੀ ਸਥਿਰਤਾ ਹਫਤਾ 28 ਨਵੰਬਰ ਤੋਂ 4 ਦਸੰਬਰ 2019 ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਹਤ ਵਿਭਾਗ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਪਰਿਵਾਰ ਨਿਯੋਜਨ ਅਧੀਨ ਸਪੈਸ਼ਲ ਨਸਬੰਦੀ ਅਪ੍ਰੇਸ਼ਨ ਕੈਂਪ ਅਤੇ ਪਰਿਵਾਰ ਨਿਯੋਜਨ ਦੇ ਹੋਰ ਸਾਧਨ ਮੁਹੱਈਆਂ ਕਰਵਾਏ ਜਾਣਗੇ। ਉਨ੍ਹਾ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਫੀਲਡ ਸਟਾਫ਼ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕਰਕੇ ਪਰਿਵਾਰ ਨਿਯੋਜਨ ਦੇ ਨਸਬੰਦੀ ਦੇ ਅਪ੍ਰੇਸ਼ਨ ਕਰਵਾਉਣ ਲਈ ਵੱਧ ਤੋਂ ਵੱਧ ਪ੍ਰੇਰਤ ਕੀਤਾ ਜਾਵੇ। ਇਸ ਮੌਕੇ ਸੁਖਮੰਦਰ ਸਿੰਘ ਨੇ ਦੱਸਿਆ ਕਿ ਚੀਰਾ ਰਹਿਤ ਨਸਬੰਦੀ ਅਪ੍ਰੇਸ਼ਨ ਪੁਰਸ਼ਾਂ ਲਈ ਪਰਿਵਾਰ ਨਿਯੋਜਨ ਦਾ ਸੁਖਾਲਾ, ਪੱਕਾ ਅਤੇ ਵਧੀਆ ਸਾਧਨ ਹੈ, ਜੋ ਬਿਨਾਂ ਚੀਰਾ ਦਿੱਤੇ ਅਤੇ ਬਿਨਾਂ ਟਾਂਕਾ ਲਗਾਏ ਮਾਮੂਲੀ ਅਪ੍ਰੇਸ਼ਨ ਕੀਤਾ ਜਾਂਦਾ ਹੈ। ਅਪ੍ਰੇਸ਼ਨ ਕਰਨ ਤੋਂ ਬਾਅਦ ਮਰੀਜ਼ ਤੁਰੰਤ ਘਰ ਜਾ ਸਕਦਾ ਹੈ ਅਤੇ ਆਪਣੇ ਹਰ ਰੋਜ਼ ਦੇ ਕੰਮ ਕਰ ਸਕਦਾ ਹੈ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਐਨ ਐਸ ਵੀ (ਚੀਰਾ ਰਹਿਤ ਨਸਬੰਦੀ) ਦੇ ਵਿਸ਼ੇਸ ਕੈਂਪ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ 28 ਨਵੰਬਰ ਅਤੇ 2 ਦਸੰਬਰ ਨੂੰ, ਸਿਵਲ ਹਸਪਤਾਲ ਮਲੋਟ ਵਿਖੇ 3 ਦਸੰਬਰ ਨੂੰ, ਸਿਵਲ ਹਸਪਤਾਲ ਗਿੱਦੜਬਾਹਾ ਵਿਖੇ 28 ਨਵੰਬਰ ਨੂੰ ਅਤੇ ਸੀ.ਐਚ.ਸੀ. ਲੰਬੀ ਵਿਖੇ 29, 30 ਨਵੰਬਰ, 4 ਦਸੰਬਰ ਅਤੇ ਸੀ.ਐਚ.ਸੀ. ਦੋਦਾ ਵਿਖੇ 3 ਦਸੰਬਰ ਨੂੰ ਲਗਾਏ ਜਾਣਗੇ। ਜਿਨ੍ਹਾ ਵਿੱਚ ਚੀਰਾ ਰਹਿਤ ਨਸਬੰਦੀ ਪਹਿਲ ਦੇ ਆਧਾਰ ਤੇ ਮੁਫ਼ਤ ਕੀਤੇ ਜਾਣਗੇ ਅਤੇ ਨਸਬੰਦੀ ਅਪਨਾਉਣ ਵਾਲਿਆਂ ਨੂੰ 1100 ਰੁਪਏ ਵੀ ਦਿੱਤੇ ਜਾਣਗੇ। ਉਹਨਾਂ ਸਾਰੇ ਵਿਭਾਗਾਂ, ਸਵੈ ਸੇਵੀ ਸੰਸਥਾਵਾਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਆਬਾਦੀ ਨੂੰ ਕੰਟਰੋਲ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ ਅਤੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਪਾਉਣ।