ਸਟਾਫ਼ ਕਰਮਚਾਰੀਆਂ ਵੱਲੋਂ ਕਾਲਜ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ

ਮਲੋਟ:- ਮਲੋਟ ਦੇ ਗੁਰੂ ਤੇਗ ਬਹਾਦਰ ਖਾਲਸਾ ਇੰਜੀਨੀਰਿੰਗ ਅਤੇ ਟੈਕਨਾਲੋਜੀ ਕਾਲਜ ਛਾਪਿਆਂਵਾਲੀ ਦੇ ਸੈਂਕੜੇ ਸਟਾਫ਼ ਮੈਂਬਰਾਂ ਵੱਲੋਂ ਕਰੀਬ 11-11 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਸਟਾਫ਼ ਮੈਂਬਰਾਂ ਵਿਚ ਭਾਰੀ ਰੋਸ ਪਾਇਆ ਗਿਆ। ਇਸੇ ਰੋਸ ਦੇ ਤਹਿਤ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲੱਗਾ ਦਿੱਤਾ। ਸਟਾਫ਼ ਮੈਂਬਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਦਿਆਰਥੀ ਅਤੇ ਪਿੰਡ ਵਾਸੀ ਸਟਾਫ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਉਨ੍ਹਾਂ ਦੇ ਨਾਲ ਆ ਕੇ ਖੜ੍ਹੇ ਹੋ ਗਏ। ਨਾਅਰੇਬਾਜ਼ੀ ਕਰਦਿਆਂ ਸਟਾਫ਼ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ 11-11 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਬਕਾਇਆ ਤਨਖਾਹ ਦਿੱਤੀ ਜਾਵੇ। ਧਰਨੇ ਨੂੰ ਕਾਲਜ ਦੇ ਪ੍ਰਿੰਸੀਪਲ ਅਮਰਪ੍ਰੀਤ ਸਿੰਘ ਲਾਂਬਾ, ਪ੍ਰਭਜੋਤ ਸਿੰਘ ਸੰਧੂ, ਅੰਕੁਰ ਸੇਠੀ, ਗੁਰਵੀਰ ਸਿੰਘ, ਬਲਰਾਜ ਸਿੰਘ ਮਾਨ, ਸੰਦੀਪ ਸਿੰਘ ,ਅੰਮ੍ਰਿਤਪਾਲ, ਸੰਨੀ ਖੁੰਗਰ ਰਾਜ ਕੁਮਾਰ ਤੋਂ ਇਲਾਵਾ ਸਟਾਫ਼ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਰੀਬ ਸਾਲ ਭਰ ਤੋਂ ਤਨਖਾਹ ਨਹੀਂ ਮਿਲੀ। ਸਟਾਫ਼ ਮੈਂਬਰਾਂ ਦਾ ਕਹਿਣਾ ਹੈ ਤਨਖਾਹ ਨਾ ਮਿਲਣ ਕਰ ਕੇ ਉਨ੍ਹਾਂ ਦੇ ਘਰਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਉਹ ਫਾਕੇ ਕੱਟਣ ਲਈ ਮਜਬੂਰ ਹਨ।