19 ਤੋਂ 21 ਜਨਵਰੀ 2020 ਤੱਕ ਸ੍ਰੀ ਮੁਕਤਸਰ ਸਾਹਿਬ ਵਿਖੇ ਆਵੇਗਾ ਮੋਬਾਇਲ ਡਿਜੀਟਲ ਮਿਊਜ਼ੀਅਮ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਮੋਬਾਇਲ ਡਿਜੀਟਿਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਦੇ ਜਾਇਜ਼ੇ ਲਈ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਐਚ.ਐਸ. ਸਰਾਂ ਨੇ ਦੱਸਿਆ ਕਿ 19 ਤੋਂ 21 ਜਨਵਰੀ ਤੱਕ ਮੋਬਾਇਲ ਡਿਜੀਟਲ ਮਿਊਜੀਅਮ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਲੱਗੇਗਾ ਅਤੇ 20 ਅਤੇ 21 ਜਨਵਰੀ ਨੂੰ ਇੱਥੇ ਹੀ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ ਦੋ ਦੋ ਸ਼ੋਅ ਕ੍ਰਮਵਾਰ ਸ਼ਾਮ 6 ਅਤੇ 7:15 ਵਜੇ ਹੋਣਗੇ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਨੇ ਸਾਰੇ ਵਿਭਾਗਾਂ ਨੂੰ ਇਸ ਸੰਬੰਧੀ ਸਾਰੇ ਇੰਤਜਾਮ ਕਰਨ ਦੇ ਹੁਕਮ ਦਿੱਤੇ। ਉਨਾਂ ਨੇ ਕਿਹਾ ਕਿ ਇਸ ਸਮਾਗਮ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਸ: ਐਚ.ਐਸ. ਸਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਸਮਾਗਮ ਊਲੀਕੇ ਗਏ ਹਨ ਤਾਂ ਜੋ ਲੋਕਾਂ ਨੂੰ ਗੁਰੂ ਜੀਆਂ ਦੀਆਂ ਸਿੱਖਿਆਵਾਂ, ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਨਾਂ ਨੇ ਕਿਹਾ ਕਿ ਇਸ ਸਮਾਗਮ ਰਾਹੀਂ ਸਰਕਾਰ ਵੱਲੋਂ ਸਾਡੀ ਨਵੀਂ ਪੀੜੀ ਨੂੰ ਗੁਰੂ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਬੈਠਕ ਵਿਚ ਜ਼ਿਲਾ ਭਲਾਈ ਅਫ਼ਸਰ ਸ: ਜਗਮੋਹਨ ਸਿੰਘ ਮਾਨ, ਜ਼ਿਲਾ ਮੰਡੀ ਅਫ਼ਸਰ ਸ: ਕੁਲਬੀਰ ਸਿੰਘ ਮੱਤਾ, ਸਕੱਤਰ ਰੈਡ ਕ੍ਰਾਸ ਸ: ਗੋਪਾਲ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਪ੍ਰਵੀਨ ਕੁਮਾਰ, ਕਾਰਜਕਾਰੀ ਇੰਜਨੀਅਰ ਦਵਿੰਦਰ ਕੁਮਾਰ, ਜ਼ਿਲਾ ਸਿਹਤ ਅਫ਼ਸਰ ਕਵੰਲਜੀਤ ਸਿੰਘ, ਉਪ ਜ਼ਿਲਾ ਸਿੱਖਿਆ ਅਫ਼ਸਰ ਸ: ਸੁਖਦਰਸ਼ਨ ਸਿੰਘ ਬੇਦੀ ਆਦਿ ਵੀ ਹਾਜਰ ਸਨ।