ਪੰਜਾਬ ਸਰਕਾਰ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਸਕੀਮ ਦੀ ਕੀਤੀ ਸ਼ੁਰੂਆਤ-- ਭੱਟੀ - ਲੋਕਾਂ ਨੂੰ ਮਿਲੇਗਾ ਸਰਕਾਰੀ ਸਹੂਲਤਾਂ ਦਾ ਲਾਭ
ਸ੍ਰੀ ਮੁਕਤਸਰ ਸਾਹਿਬ :- ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਸਨੀਕਾਂ ਨੂੰ ਵਧੀਆ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਸਮੇਂ ਸਮੇਂ ਤੇ ਵੱਖ ਵੱਖ ਸਕੀਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਅੱਜ ਇਸ ਲੜੀ ਤਹਿਤ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ.ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਥਾ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀਮਤੀ ਡੀ.ਸੁਡਰਵਿਲੀ ਐਸ.ਐਸ.ਪੀ, ਸ੍ਰੀਮਤੀ ਕਰਨ ਕੌਰ ਬਰਾੜ ਸਾਬਕਾ ਵਿਧਾਇਕ, ਸ੍ਰੀ ਹਰਚਰਨ ਸਿੰਘ ਸੋਥਾ ਜਿ਼ਲ੍ਹਾ ਪ੍ਰਧਾਨ ਕਾਂਗਰਸ ਕਮੇਟੀ,ਸ੍ਰੀਮਤੀ ਜਸਬੀਰ ਕੌਰ ਸਰਪੰਚ, ਮੇਜਰ ਸਿੰਘ ਤੋਂ ਇਲਾਵਾ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰ ਦਿਆਂ ਸ. ਭੱਟੀ ਨੇ ਕਿਹਾ ਕਿ ਜਿ਼ਲ੍ਹੇ ਦੀਆਂ ਸ੍ਰੀ ਮੁਕਤਸਰ ਸਾਹਿਬ,ਮਲੋਟ ਅਤੇ ਗਿੱਦੜਬਾਹਾ ਡਵੀਜ਼ਨਾਂ ਵਿੱਚ ਪੈਂਦੇ ਵੱਖ ਵੱਖ 107 ਪਿੰਡਾਂ ਵਿੱਚ ਅੱਜ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਵਾਅਦਾ ਕੀਤਾ ਹੈ ਕਿ ਹਰ ਪੰਜਾਬ ਵਾਸੀ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਮਿਲੇ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਹਰ ਘਰ ਦੀ ਸਾਫ ਸਫਾਈ ਦਾ ਉਚੇਚਾ ਧਿਆਨ ਰੱਖਿਆ ਜਾਵੇ। ਇਸ ਮੌਕੇ ਤੇ ਸ. ਭੱਟੀ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਿੰਡ ਸੋਥਾ ਵਿਖੇ 173.56 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਜਲ ਸਪਲਾਈ ਦਾ ਉਦਘਾਟਨ ਵੀ ਕੀਤਾ। ਇਸ ਜਲ ਘਰ ਨਾਲ ਪਿੰਡ ਦੇ 675 ਘਰਾਂ ਨੂੰ ਸਾਫ ਸੁਥਰੇ ਪਾਣੀ ਦੀ ਸਪਲਾਈ ਮੁਹੱਈਆ ਹੋਵੇਗੀ।