ਲਵਿੰਗ ਲਿਟਲ ਪਲੇਵੇ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ

ਮਲੋਟ (ਆਰਤੀ ਕਮਲ) :- ਲਵਿੰਗ ਲਿਟਲ ਪਲੇਵੇ ਐਂਡ ਪ੍ਰੇਪਰੇਟਰੀ ਸਕੂਲ ਮਲੋਟ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਤੇ ਪੀਲੇ ਰੰਗ ਦੇ ਕੱਪੜਿਆਂ ਵਿਚ ਸਜ ਕੇ ਆਏ ਬੱਚਿਆਂ ਵਲੋਂ ਭੰਗੜਾ ਤੇ ਗਿੱਧਾ ਪਾਇਆ ਅਤੇ ਪਤੰਗਬਾਜ਼ੀ ਦਾ ਵੀ ਖੂਬ ਆਨੰਦ ਮਾਣਿਆ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮੀਨਾ ਅਰੋੜਾ ਨੇ ਕਿਹਾ ਕਿ ਬੱਚਿਆਂ ਨੂੰ ਉਹਨਾਂ ਦੇ ਸੱਭਿਆਚਾਰ ਅਤੇ ਤਿਉਹਾਰਾਂ ਬਾਰੇ ਗਿਆਨ ਬਚਪਨ ਵਿਚ ਹੀ ਕਰਵਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।   ਉਹਨਾਂ ਬੱਚਿਆਂ ਨੂੰ ਬਸੰਤ ਪੰਚਮੀ ਦੀ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ 'ਆਈ ਬਸੰਤ, ਪਾਲਾ ਉਡੰਤ'। ਉਹਨਾਂ ਕਿਹਾ ਕਿ ਬਦਲਦੇ ਮੌਸਮ ਦੇ ਤਿਉਹਾਰ ਅਤੇ ਰੁੱਤਾਂ ਦੀ ਰੂਪ ਵਿਚ ਜਾਣੀ ਜਾਂਦੀ ਬਸੰਤ ਰੁੱਤ ਦੇ ਸਮੇਂ ਜਦੋਂ ਪਤਝੜ ਦੇ ਬਾਅਦ ਦਰੱਖਤਾਂ ਤੇ ਆਈ ਬਹਾਰ ਦੇ ਕਾਰਨ ਹਰ ਪਾਸੇ ਹਰਿਆਲੀ ਪੈਰ ਪਸਾਰਨ ਲੱਗਦੀ ਹੈ ਤਾਂ ਸਰੋਂ ਦੇ ਪੌਦਿਆਂ ਤੇ ਖਿੜੇ ਬਸੰਤੀ ਫੁੱਲ ਜਿੱਥੇ ਅਜਬ ਨਜ਼ਾਰਾ ਪੇਸ਼ ਕਰਦੇ ਹਨ, ਉੱਥੇ ਹੀ ਫੁੱਲਾਂ ਦੀ ਖੁਸ਼ਬੂ ਫ਼ਿਜ਼ਾ ਵਿਚ ਅਨੋਖੀ ਮਹਿਕ ਬਿਖੇਰਦੀ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਉਹਨਾਂ ਨੇ ਵੀਰ ਹਕੀਕਤ ਰਾਏ ਦੀ ਕੁਰਬਾਨੀ ਦੀ ਇੱਕ ਇਤਿਹਾਸਿਕ ਘਟਨਾ ਬਾਰੇ ਵੀ ਬੱਚਿਆਂ ਨੂੰ ਵਿਸਥਾਰ ਪੂਰਵਕ ਚਾਣਨਾ ਪਾਇਆ। ਉਹਨਾਂ ਨੇ ਬੱਚਿਆਂ ਨੂੰ ਚਾਈਨਾ ਦੀ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਤੇ ਮੈਡਮ ਜਗਜੀਤ, ਸਵੀਟੀ, ਰਜਨੀ, ਰਮਨਦੀਪ ਅਤੇ ਰਜਨ ਨੇ ਵੀ ਬੱਚਿਆਂ ਨਾਲ ਮਿਲ ਕੇ ਖੂਬ ਮਸਤੀ ਕਰਕੇ ਬਸੰਤ ਦਾ ਤਿਉਹਾਰ ਮਨਾਇਆ।