Punjab

880 ਸਕੂਲਾਂ ‘ਚ ਪੰਜਾਬ ਸਰਕਾਰ ਲਵਾਏਗੀ ਸੋਲਰ ਪਾਵਰ ਸਿਸਟਮ

ਸ੍ਰੀ ਮੁਕਤਸਰ ਸਾਹਿਬ:- ਪੰਜਾਬ ਸਰਕਾਰ ਵਲੋਂ ਸੋਲਰ ਪਾਵਰ ਸਿਸਟਮ ਪੰਜਾਬ ਦੇ 880 ਸਕੂਲਾਂ ‘ਚ ਲਗਾਉਣ ਦੀ ਸ਼ੁਰੂਆਤ ਲਗਾਉਣ ਦੀ ਕੀਤੀ ਜਾ ਰਹੀ ਹੈ । ਪੰਜਾਬ ਭਰ ‘ਚ ਚੱਲ ਰਹੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨੂੰ ਸਕੂਲਾਂ ਦੀ ਬਿਜਲੀ ਦਾ ਬਿੱਲ ਭਰਨ ਸਮੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵਲੋਂ ਸਕੂਲਾਂ ਨੂੰ ਬਿਜਲੀ ਦਾ ਬਿੱਲ ਭਰਨ ਲਈ ਇਕ ਨਿੱਕਾ ਪੈਸਾ ਵੀ ਨਹੀਂ ਦਿੱਤਾ ਜਾਂਦਾ। ਕੁਝ ਸਮਾਂ ਪਹਿਲਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਸਕੂਲਾਂ ਦੀ ਬਿਜਲੀ ਦਾ ਬਿੱਲ ਭਰਨ ਲਈ ਸਰਕਾਰ ਨੇ ਕਿਹਾ ਸੀ ਪਰ ਇਹ ਕੰਮ ਵੀ ਕਿਸੇ ਸਿਰੇ ਨਹੀਂ ਚੜ੍ਹਿਆ। ਕਈ ਸਕੂਲਾਂ ਦੀ ਬਿਜਲੀ ਬਿੱਲ ਨਾ ਭਰੇ ਜਾਣ ਕਰਕੇ ਬਿਜਲੀ ਕੱਟੀ ਵੀ ਜਾਂਦੀ ਸੀ। ਅਧਿਆਪਕ ਵਰਗ ਬੜਾ ਔਖਾ ਹੁੰਦਾ ਹੈ ਪਰ ਹੁਣ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਪਹਿਲਕਦਮੀ ਕਰਦਿਆਂ ਸੂਬੇ ਦੇ ਕੁਝ ਕੁ ਸਰਕਾਰੀ ਹਾਈ ਤੇ ਸਰਕਾਰੀ ਸੀਨੀਅਰ ਸਕੂਲਾਂ ਨੂੰ ਰਾਹਤ ਦੇਣ ਲਈ ਇਕ ਚੰਗਾ ਉਪਰਾਲਾ ਸ਼ੁਰੂ ਕੀਤਾ ਹੈ। ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਵਲੋਂ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਚਿੱਠੀਆਂ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ ਕਿ ਸਰਕਾਰੀ ਸਕੂਲਾਂ ਨੂੰ ਬਿਜਲੀ ਦੇ ਬਿੱਲਾਂ ਤੋਂ ਛੁਟਕਾਰਾ ਦਿਵਾਉਣ ਲਈ ਪੰਜਾਬ ਭਰ ‘ਚ 880 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਪੰਜਾਬ ਸਰਕਾਰ ਵਲੋਂ ਸੋਲਰ ਪਾਵਰ ਸਿਸਟਮ ਲਾਏ ਜਾਣਗੇ। ਭਾਵੇਂ ਸੂਬੇ ‘ਚ ਸਰਕਾਰੀ ਸਕੂਲਾਂ ਦੀ ਗਿਣਤੀ ਤਾਂ ਹਜ਼ਾਰਾਂ ‘ਚ ਹੈ ਪਰ ਇਸ ਵਾਰ ਸਰਕਾਰ 880 ਸਕੂਲਾਂ ‘ਚ ਸ਼ੁਰੂਆਤ ਕਰ ਰਹੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ ਨਤੀਜਾ ਚੰਗਾ ਆਇਆ ਤਾਂ ਬਾਕੀ ਸਕੂਲਾਂ ‘ਚ ਵੀ ਅਜਿਹੇ ਪ੍ਰਾਜੈਕਟ ਲਾਏ ਜਾਣਗੇ। ਪੰਜਾਬ ਸਰਕਾਰ ਵਲੋਂ ਸੋਲਰ ਪਾਵਰ ਸਿਸਟਮ ਲਾਉਣ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 30 ਸਰਕਾਰੀ ਸਕੂਲ ਚੁਣੇ ਗਏ ਹਨ। ਸਿੱਖਿਆ ਵਿਭਾਗ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਲੰਬੀ, ਪਿੰਡ ਮਲੋਟ, ਕੋਟਭਾਈ, ਗੋਨੇਆਣਾ, ਉਦੇਕਰਨ, ਮੁਕਤਸਰ ਲੜਕੀਆਂ, ਮੁਕਤਸਰ ਲੜਕੇ, ਗਿੱਦੜਬਾਹਾ ਲੜਕੇ, ਦੋਦਾ, ਮਲੋਟ ਲੜਕੀਆਂ, ਮਲੋਟ ਐੱਮ. ਐੱਚ. ਆਰ., ਗਿੱਦੜਬਾਹਾ ਲੜਕੀਆਂ, ਮਹਿਮੂਦ ਖੇੜਾ, ਮੰਡੀ ਬਰੀਵਾਲਾ, ਪਿੰਡ ਲੱਖੇਵਾਲੀ, ਅਬੁੱਲ ਖੁਰਾਣਾ, ਰੁਪਾਣਾ ਲੜਕੀਆਂ, ਰੁਪਾਣਾ ਲੜਕੇ, ਬਾਦਲ ਚੰਨੂੰ, ਝੋਰੜ, ਭਲਾਈਆਣਾ, ਸਿੰਘੇਵਾਲਾ, ਕਾਉਣੀ, ਚੱਕ ਗਿਲਜੇਵਾਲਾ, ਫਕਰਸਰ ਥੇੜੀ, ਮੱਲਣ ਅਤੇ ਬੁਰਜ ਸਿੱਧਵਾਂ ਆਦਿ ਸਰਕਾਰੀ ਸਕੂਲਾਂ ‘ਚ ਇਹ ਪ੍ਰਾਜੈਕਟ ਲੱਗਣੇ ਹਨ। ਇਹ ਪ੍ਰਾਜੈਕਟ ਚੱਲਣ ਤੋਂ ਬਾਅਦ ਇਨ੍ਹਾਂ ਸਕੂਲਾਂ ਨੂੰ ਕਾਫ਼ੀ ਲਾਭ ਮਿਲੇਗਾ, ਕਿਉਂਕਿ ਖੁਦ ਦੀ ਬਿਜਲੀ ਤਿਆਰ ਕਰਕੇ ਵਰਤੀ ਜਾਇਆ ਕਰੇਗੀ।

Leave a Reply

Your email address will not be published. Required fields are marked *

Back to top button