District NewsMalout NewsPunjab

ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਹੋ ਰਿਹੈ ਵਰਦਾਨ ਸਾਬਿਤ

ਮਲੋਟ:- ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਨੌਜਵਾਨ ਬੇਰੁਜ਼ਗਾਰਾਂ ਨੂੰ ਹੁਨਰਮੰਦ ਬਣਾਉਣ ਲਈ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋ ਰਿਹਾ ਹੈ। ਚੱਲ ਰਹੇ 2 ਦਿਨਾਂ ਰਿਫਰੈਸ਼ਰ ਕੋਰਸ ਰਾਹੀਂ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਵਾਪਰ ਰਹੇ ਸੜਕੀ ਹਾਦਸਿਆਂ ਨੂੰ ਵੱਡੇ ਪੱਧਰ ‘ਤੇ ਠੱਲ੍ਹ ਪਾਈ ਜਾ ਸਕਦੀ ਹੈ।  ਸੈਂਕੜੇ ਨੌਜਵਾਨ ਕਿੱਤਾ ਮੁਖੀ ਕੋਰਸ ਕਰ ਕੇ ਆਪਣਾ ਵਧੀਆ ਰੁਜ਼ਗਾਰ ਕਮਾ ਕੇ ਪਰਿਵਾਰ ਦਾ ਪੇਟ ਪਾਲ਼ ਰਹੇ ਹਨ।  ਜਾਣਕਾਰੀ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਨੇ 2010 ਵਿੱਚ ਹਲਕਾ ਲੰਬੀ ਦੇ ਪਿੰਡ ਮਾਹੂਆਣਾ ਵਿਖੇ ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਖੋਲ੍ਹਦਿਆਂ ਪੂਰੇ ਮਾਲਵਾ ਖੇਤਰ ਨੂੰ ਇਕ ਅਜਿਹਾ ਤੋਹਫ਼ਾ ਦਿੱਤਾ ਕਿ ਜਿਥੇ ਵੱਖ-ਵੱਖ ਤਰ੍ਹਾਂ ਦੇ ਕਿੱਤਾ ਮੁਖੀ ਕੋਰਸ ਕਰ ਕੇ ਬੇਰੁਜ਼ਗਾਰ ਨੌਜਵਾਨ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਦੇ ਹਨ।  ਉਕਤ ਇੰਸਟੀਚਿਊਟ ਵਿੱਚ ਟਾਟਾ ਮੋਟਰਜ਼ ਵੱਲੋਂ ਲੋੜੀਂਦੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ। ਇਥੇ ਆਈ.ਟੀ.ਆਈ ਕੋਰਸ ਮਕੈਨਿਕ ਮੋਟਰ ਵਾਹਨ, ਮਕੈਨਿਕ ਆਰ.ਏ.ਸੀ, ਮਕੈਨਿਕ ਇਲੈਕਟ੍ਰਾਨਿਕਸ, ਮਕੈਨਿਕ ਡੀਜ਼ਲ, ਆਟੋ ਮਕੈਨਿਕ, ਇਲੈਕਟ੍ਰੀਸ਼ਨ, ਵੈਲਡਰ ਅਤੇ ਐੱਚ.ਐੱਮ.ਵੀ ਤੋਂ ਇਲਾਵਾ ਘੱਟ ਸਮੇਂ ਦੇ ਕੋਰਸ ਐੱਲ.ਐੱਮ.ਵੀ, ਕਾਰ, ਐੱਲ.ਟੀ.ਵੀ, ਐੱਚ.ਟੀ.ਵੀ, ਜੇ.ਸੀ.ਬੀ, ਸੈਮੂਲਰ ਆਦਿ ਕੋਰਸ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇੱਥੇ ਡਰਾਈਵਿੰਗ ਲਾਇਸੰਸ ਬਣਾਉਣ ਲਈ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਦੋ ਦਿਨਾ ਰਿਫਰੈਸ਼ਰ ਕੋਰਸ ਬੜੀ ਹੀ ਬਰੀਕੀ ਅਤੇ ਵਧੀਆ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਇੱਥੇ ਪੰਜਾਬ ਭਰ ਤੋਂ ਦੋ ਦਿਨਾ ਰਿਫਰੈਸ਼ਰ ਕੋਰਸ ਕਰਨ ਲਈ ਰੋਜ਼ਾਨਾ ਵੱਡੀ ਗਿਣਤੀ ਵਿਚ ਸਿੱਖਿਆਰਥੀ ਆਉਂਦੇ ਹਨ। ਛੇ ਏਕੜ ਵਿੱਚ ਆਧੁਨਿਕ ਤਕਨੀਕ ਨਾਲ ਬਣੇ ਟਰੈਕ ‘ਤੇ 45  ਦਿਨਾਂ ਕੋਰਸ ਕਰਵਾਇਆ ਜਾਂਦਾ ਹੈ। ਇੰਸਟੀਚਿਊਟ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਸੰਸਥਾ ਵਿੱਚ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਕਰਵਾਏ ਜਾ ਰਹੇ ਕਿੱਤਾ ਮੁਖੀ ਕੋਰਸ ਕਰ ਕੇ ਆਪਣਾ ਭਵਿੱਖ ਉੱਜਵਲ ਬਣਾ ਸਕਦੇ ਹਨ। ਅਨੇਕਾਂ ਹੀ ਨੌਜਵਾਨ ਇੱਥੋਂ ਕੋਰਸ ਕਰਕੇ ਵਿਦੇਸ਼ਾਂ ਵਿੱਚ ਵਧੀਆ ਸਥਾਪਿਤ ਹੋ ਗਏ ਹਨ ਅਤੇ ਇਥੇ ਵੀ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਕਰ ਰਹੇ ਹਨ। ਦੋ ਦਿਨਾਂ ਰਿਫਰੈਸ਼ਰ ਕੋਰਸ ਕਰਨ ਲਈ ਸਰਕਾਰ ਵੱਲੋਂ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸਿਖਿਆਰਥੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸੁਵਿਧਾ ਕੀਤੀ ਗਈ ਹੈ।  ਉਨ੍ਹਾਂ ਸਿੱਖਿਆਰਥੀ ਨੂੰ ਅਪੀਲ ਕੀਤੀ ਕਿ ਉਹ ਕਿਸੇ ਏਜੰਟ ਦੇ ਝਾਂਸੇ ਵਿੱਚ ਨਾ ਆਉਣ ਅਤੇ ਸਿੱਖਿਆਰਥੀ ਘਰ ਬੈਠਾ ਆਪਣੀ ਰਜਿਸਟ੍ਰੇਸ਼ਨ ਆਨਲਾਈਨ ਕਰਵਾ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਇੱਥੇ ਹੋਸਟਲ ਦੀ ਸਹੂਲਤ ਤੋਂ ਇਲਾਵਾ, ਸ਼ੁੱਧ ਪਾਣੀ, ਕੰਟੀਨ ਅਤੇ ਮੈਸ ਦਾ ਵਧੀਆ ਇੰਤਜ਼ਾਮ ਹੈ। ਸ਼੍ਰੀ ਸੇਖੋਂ ਨੇ ਕਿਹਾ ਕਿ ਰੋਜ਼ਾਨਾ ਵੱਧ ਰਹੇ ਸੜਕੀ ਹਾਦਸਿਆਂ ਤੋਂ ਬਚਣ ਲਈ ਦੋ ਦਿਨਾਂ ਰਿਫਰੈਸ਼ਰ ਕੋਰਸ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਕੀਮਤੀ ਜਾਨ ਨੂੰ ਬਚਾਅ ਸਕੀਏ।

Author : Malout Live

Leave a Reply

Your email address will not be published. Required fields are marked *

Back to top button