ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੇ 31 ਜੁਲਾਈ ਤੱਕ ਨਵੇਂ ਹੁਕਮ ਜਾਰੀ ਕੀਤੇ
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਇਨਡੋਰ 150 ਅਤੇ ਆਊਟਡੋਰ 300 ਤੋਂ ਵੱਧ ਵਿਅਕਤੀਆਂ ਜਾਂ ਸਬੰਧਤ ਜਗਾ ਦੀ 50 ਪ੍ਰਤੀਸ਼ਤ ਤੋਂ ਵੱਧ ਸਮਰੱਥਾ ਦੇ ਇਕੱਠ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ। ਇਨਾਂ ਸਮਾਗਮਾਂ ਮੌਕੇ ਕਲਾਕਾਰਾਂ ਅਤੇ ਸਾਜ਼ੀਆਂ ਦੇ ਆਉਣ ਦੀ ਪ੍ਰਵਾਨਗੀ ਹੋਵੇਗੀ ਬਸ਼ਰਤੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜ਼ੀਅਮ, ਚਿੜੀਆਘਰ ਆਦਿ 50 ਪ੍ਰਤੀਸ਼ਤ ਸਮਰੱਥਾ ਦੇ ਹਿਸਾਬ ਨਾਲ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਇਨਾਂ ਥਾਵਾਂ ਦੇ ਕਰਮਚਾਰੀਆਂ ਦੇ ਪੂਰੀ ਵੈਕਸੀਨ ਲਗਾਈ ਗਈ ਹੋਵੇ।
ਇਸ ਤੋਂ ਇਲਾਵਾ ਸਵੀਮਿੰਗ ਪੂਲ, ਖੇਡਾਂ ਅਤੇ ਜਿੰਮ ਸੰਸਥਾਨਾਂ ਦੀ ਵਰਤੋਂ ਕਰਨ ਵਾਲੇ 18 ਸਾਲ ਤੋਂ ਵੱਧ ਲੋਕਾਂ ਦੇ ਵੈਕਸੀਨ ਦੀ ਘੱਟ ਤੋਂ ਘੱਟ ਇੱਕ ਡੋਜ਼ ਲੱਗੀ ਹੋਣੀ ਲਾਜ਼ਮੀ ਹੋਵੇਗੀ ਅਤੇ ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨੀ ਵੀ ਜਰੂਰੀ ਹੋਵੇਗੀ। ਕਾਲਜ, ਕੋਚਿੰਗ ਸੈਂਟਰ ਅਤੇ ਹਰ ਪ੍ਰਕਾਰ ਦੇ ਉੱਚ ਸਿੱਖਿਆ ਅਦਾਰਿਆਂ ਨੂੰ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਸਬੰਧਤ ਅਦਾਰੇ ਵੱਲੋਂ ਸਾਰੇ ਅਧਿਆਪਕਾਂ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥੀਆਂ ਦੇ ਪੂਰੀ ਵੈਕਸੀਨ ਦਾ ਸਰਟੀਫਿਕੇਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮਾਂ ਕਰਵਾਉਣਾ ਲਾਜ਼ਮੀ ਹੋਵੇਗਾ।10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਿਤੀ 26/7 /2021 (ਸੋਮਵਾਰ) ਤੋਂ ਸਕੂਲ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਕੇਵਲ ਉਹੀ ਸਟਾਫ ਅਤੇ ਅਧਿਆਪਕਾਂ ਦੇ ਸਕੂਲ ਵਿੱਚ ਆਉਣ ਦੀ ਆਗਿਆ ਹੋਵੇਗੀ ਜਿਨਾਂ ਦੇ ਪੂਰੀ ਵੈਕਸੀਨ ਲਗਾਈ ਗਈ ਹੋਵੇ। ਸਕੂਲ ਵਿੱਚ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਉਪਰੰਤ ਹੀ ਆ ਸਕਣਗੇ ਜਦਕਿ ਵਰਚੂਅਲ ਕਲਾਸਾਂ ਵੀ ਪਹਿਲਾਂ ਦੀ ਤਰਾਂ ਜਾਰੀ ਰਹਿਣਗੀਆਂ। ਇਸ ਸਬੰਧੀ ਅੰਡਰਟੇਕਿੰਗ ਡੀ.ਸੀ. ਦਫ਼ਤਰ ਵਿਖੇ ਜਮਾ ਕਰਵਾਈ ਜਾਵੇਗੀ। ਜੇਕਰ ਸਥਿਤੀ ਕਾਬੂ ਵਿੱਚ ਰਹਿੰਦੀ ਹੈ ਤਾਂ ਬਾਕੀ ਜਮਾਤਾਂ ਨੂੰ ਵੀ 2 ਅਗਸਤ 2021 ਤੋਂ ਖੋਲਣ ਦੀ ਆਗਿਆ ਹੋਵੇਗੀ। ਕੋਵਿਡ ਤੋਂ ਬਚਾਅ ਲਈ ਸਕੂਲਾਂ ਵਿਚ ਕੋਵਿਡ ਪ੍ਰੋਟੋਕੋਲ ਸਖਤੀ ਨਾਲ ਲਾਗੂ ਕੀਤੇ ਜਾਣ।