ਪੰਜਾਬ ਸਰਕਾਰ ਵੱਲੋਂ ਨਰਮੇ ‘ਤੇ ਆੜ੍ਹਤ ਫ਼ੀਸ ਘਟਾ ਕੇ 1 ਫ਼ੀਸਦੀ ਕਰਨ ਦੇ ਫੈਂਸਲੇ ਸੰਬੰਧੀ ਆੜ੍ਹਤੀਆ ਐਸੋਸੀਏਸ਼ਨ ਮਲੋਟ ਨੇ ਕੀਤੀ ਅਹਿਮ ਮੀਟਿੰਗ
ਮਲੋਟ (ਪੰਜਾਬ): ਪੰਜਾਬ ਸਰਕਾਰ ਵੱਲੋਂ ਮਾਲਵਾ ਦੀ ਨਰਮਾ ਪੱਟੀ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਨਰਮੇ 'ਤੇ ਆੜ੍ਹਤ ਫ਼ੀਸ 2.5 ਫ਼ੀਸਦੀ ਤੋਂ ਘਟਾ ਕੇ 1 ਫ਼ੀਸਦੀ ਕਰਨ ਦਾ ਫੈਂਸਲਾ ਲਿਆ ਗਿਆ, ਜਿਸ ਦੇ ਤਹਿਤ ਮਲੋਟ ਦੀ ਨਵੀਂ ਦਾਣਾ ਮੰਡੀ ਵਿਖੇ ਪ੍ਰਧਾਨ ਸੁਨੀਸ਼ ਕੁਮਾਰ ਨੀਟਾ ਗੋਇਲ ਦੀ ਪ੍ਰਧਾਨਗੀ ਹੇਠ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਅਹਿਮ ਮੀਟਿੰਗ ਬੁਲਾਈ ਗਈ। ਜਿਸ ਵਿੱਚ ਉਹਨਾਂ ਕਿਹਾ ਕਿ ਸਰਕਾਰ ਦੇ ਇਸ ਫੈਂਸਲੇ 'ਤੇ ਮੁੜ ਵਿਚਾਰ ਕਰਨ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਘਿਰੇ ਆੜ੍ਹਤੀਆਂ 'ਤੇ ਇਸ ਫੈਂਸਲੇ ਨੂੰ ਥੋਪਣਾ ਤਾਨਾਸ਼ਾਹੀ ਹੋਵੇਗਾ। ਉਹਨਾਂ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਇਹ ਫੈਂਸਲਾ ਲੈਂਦਿਆਂ ਇਹ ਤਰਕ ਦਿੱਤਾ ਹੈ ਕਿ ਕਿਸਾਨਾਂ ਅਨੁਸਾਰ ਕਣਕ ਅਤੇ ਝੋਨੇ ਦੇ ਅਨੁਪਾਤ ਅਨੁਸਾਰ ਕਪਾਹ 'ਤੇ ਆੜ੍ਹਤ ਨਹੀਂ ਲਈ ਜਾ ਸਕਦੀ, ਕਿਉਂਕਿ ਝੋਨੇ ਅਤੇ ਕਣਕ ਦੀ ਫ਼ਸਲ ਨੂੰ ਮੰਡੀ ਵਿੱਚ ਲਾਹੁਣ, ਸਫ਼ਾਈ, ਭਰਨ, ਤੋਲਣ ਅਤੇ ਢੋਆਈ ਆਦਿ 'ਤੇ ਕਈ ਖ਼ਰਚੇ ਆਉਂਦੇ ਹਨ, ਜਦਕਿ ਕਿਸਾਨਾਂ ਅਨੁਸਾਰ ਕਪਾਹ 'ਤੇ ਅਜਿਹੇ ਖ਼ਰਚੇ ਨਾ ਮਾਤਰ ਹਨ, ਪਰ ਆੜ੍ਹਤੀਆਂ ਅਨੁਸਾਰ ਉਹਨਾਂ ਨੂੰ ਹਰੇਕ ਫ਼ਸਲ 'ਤੇ ਪਹਿਲਾਂ ਪੱਲਿਓ ਖਰਚਾ ਕਰਨਾ ਪੈਂਦਾ ਹੈ ਅਤੇ ਦੁਕਾਨਦਾਰੀ 'ਚ ਅਣਗਿਣਤ ਖਰਚੇ ਹੁੰਦੇ ਹਨ। ਇਸ ਲਈ ਸਰਕਾਰ ਨੂੰ ਇਸ ਫੈਂਸਲੇ ਨੂੰ ਵਾਪਿਸ ਲੈ ਕੇ ਆੜ੍ਹਤੀਆਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਧਾਨ ਸੁਨੀਸ਼ ਕੁਮਾਰ ਨੀਟਾ ਗੋਇਲ, ਵਾਈਸ ਪ੍ਰਧਾਨ ਹਰਪ੍ਰੀਤ ਸਿੰਘ, ਰਮਨ ਸਪਰਾ ਸੈਕਟਰੀ, ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਰਾਜ ਰੱਸੇਵੱਟ, ਕੁਲਵਿੰਦਰ ਪੂਨੀਆ, ਵਿੱਕੀ ਖੁਰਾਣਾ, ਚਮਕੌਰ ਸਿੰਘ ਮਾਨ ਅਤੇ ਵਿਨੋਦ ਜੱਗਾ ਆਦਿ ਹਾਜ਼ਿਰ ਹੋਏ। Author: Malout Live