ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੱਖ ਵੱਖ ਵਿਭਾਗਾਂ ਦੀ ਕੀਤੀ ਗਈ ਅਚਨਚੇਤ ਚੈਕਿੰਗ
ਚੈਕਿੰਗ ਦੌਰਾਨ ਪੀ.ਸੀ.ਐੱਸ, ਉਪ-ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸਵੇਰੇ ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ ਦੇ ਦਫਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਹਾਜ਼ਰੀ ਰਜਿਸਟਰ ਚੈੱਕ ਕਰਨ ਤੇ ਵੇਖਿਆ ਗਿਆ ਕਿ ਦਫਤਰ ਵਿੱਚ ਹਾਜ਼ਰ ਸਟਾਫ ਵੱਲੋਂ ਆਪਣੀ ਹਾਜ਼ਰੀ ਨਹੀਂ ਲਗਾਈ ਗਈ ਸੀ, ਜਦੋਂ ਕਿ ਉਹ ਮੌਕੇ ਤੇ ਦਫਤਰ ਵਿੱਚ ਹਾਜ਼ਰ ਸਨ। ਅਜਿਹੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜੋ ਕਰਮਚਾਰੀ ਦਫ਼ਤਰ ਹਾਜ਼ਰ ਆਏ ਹਨ ਉਨ੍ਹਾਂ ਨੂੰ ਤਰਜੀਹੀ ਤੌਰ ਤੇ ਹਾਜ਼ਰੀ ਲਗਾਉਣੀ ਚਾਹੀਦੀ ਹੈ ਅਤੇ ਸਮੇਂ-ਸਿਰ ਆਪਣਾ ਦਫ਼ਤਰੀ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਭਵਿੱਖ ਵਿੱਚ ਦਫਤਰ ਹਾਜ਼ਰ ਆਏ ਕਰਮਚਾਰੀ ਵੱਲੋਂ ਹਾਜ਼ਰੀ ਨਹੀਂ ਲਗਾਈ ਜਾਂਦੀ ਤਾਂ ਉਸ ਨੂੰ ਗੈਰ-ਹਾਜ਼ਰ ਸਮਝਦੇ ਹੋਏ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਗੇ ਤੋਂ ਵੀ ਅਜਿਹੀਆਂ ਅਚਨਚੇਤੀ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਉਨ੍ਹਾਂ ਵੱਲੋਂ ਸਮੂਹ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਦਫਤਰ ਸਮੇਂ ਹਾਜ਼ਰ ਆਉਣਾ ਯਕੀਨੀ ਬਨਾਉਣ। ਇਸ ਤੋਂ ਇਲਾਵਾ ਡੀ.ਏ.ਪੀ ਦੀ ਵੰਡ, ਕਣਕ/ਸਰੋਂ ਦੀਆਂ ਉੱਤਮ ਅਤੇ ਸਬਸਿਡੀ ਵਾਲੀਆਂ ਕਿਸਮਾਂ, ਪਰਾਲੀ ਪ੍ਰਬੰਧਨ ਆਦਿ ਸੰਬੰਧੀ ਵੀ ਮੁੱਖ ਖੇਤੀਬਾੜੀ ਅਫਸਰ ਨਾਲ ਚਰਚਾ ਕੀਤੀ ਗਈ। ਮੌਕੇ ਹਾਜ਼ਰ ਸ਼੍ਰੀ ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਸਤਰ ਸਾਹਿਬ ਨੇ ਦੱਸਿਆ ਕਿ ਡੀ.ਏ.ਪੀ ਦੀ ਸਹੀ ਵੰਡ ਲਈ ਸਟਾਫ਼ ਦੀ ਡਿਊਟੀ ਲਗਾਈ ਗਈ, ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋਂ ਕਣਕ ਦੀਆਂ ਉੱਤਮ ਕਿਸਮਾਂ ਜਿਵੇਂ ਕਿ ਕਣਕ ਦੀਆਂ HD - 3086, HD 2967, PW - 550, WH - 1105 ਕਿਸਮਾਂ ਦੇ ਬੀਜ ਸਬਸਿਡੀ ਤੇ, ਸਰੋਂ ਦੀਆਂ ਮਿੰਨੀ ਕਿੱਟਾਂ ਦੀ ਵੰਡ, ਪਰਾਲੀ ਪ੍ਰਬੰਧਨ ਲਈ ਮਸ਼ੀਨਾਂ 50% ਅਤੇ 80% ਸਬਸਿਡੀ ਤੇ ਦੇਣ ਤੋਂ ਇਲਾਵਾ ਪਰਾਲੀ ਗਾਲਣ ਲਈ ਕਿਸਾਨਾਂ ਨੂੰ ਪੂਸਾ ਵੱਲੋਂ ਬਣਾਏ ਗਏ ਡੀ -ਕੰਮਪੈਸਰ ਦੀ ਵੰਡ ਵੀ ਕੀਤੀ ਜਾ ਰਹੀ ਹੈ। ਐੱਸ.ਡੀ.ਐਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਨੂੰ ਹਾੜੀ ਦੀਆਂ ਫਸਲ ਦੇ ਉੱਨਤ ਅਤੇ ਵਿਭਾਗ ਵੱਲੋਂ ਮੰਨਜੂਰਸ਼ੁਦਾ ਬੀਜਾਂ ਦੀ ਬਿਜਾਈ ਕਰਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।