15 ਜੁਲਾਈ 2020 ਤੋਂ ਬਾਅਦ ਖੁੱਲ੍ਹ ਸਕਦੇ ਹਨ ਸਕੂਲ
ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਵਿਚ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਹੈ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਦੀਆਂ ਸੁਰੱਖਿਆ ਨੂੰ ਧਿਆਨ ਵਿਚ ਰਖਦਿਆਂ ਸਾਰੇ ਵਿੱਦਿਅਕ ਅਦਾਰੇ ਬੰਦ ਰਖੇ ਗਏ ਹਨ। ਪਰ ਹੁਣ 15 ਜੁਲਾਈ ਤੋਂ ਬਾਅਦ ਸਕੂਲ ਖੁੱਲ੍ਹ ਸਕਦੇ ਹਨ, ਜਿਸ ਦੇ ਲਈ ਮਨੁੱਖੀ ਸਰੋਤ ਵਿਕਾਸ ਵਿਭਾਗ ਵੱਲੋਂ ਸਕੂਲਾਂ ਵਿਚ ਵਿਦਿਆਰਥੀਆਂ ਲਈ ਗਾਈਡਲਾਈਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋਕਿ ਛੇਤੀ ਹੀ ਜਾਰੀ ਹੋਣ ਦੀ ਉਮੀਦ ਹੈ।
ਸੂਤਰਾਂ ਮੁਤਾਬਕ ਸਕੂਲਾਂ ਵਿਚ ਕੋਵਿਡ-19 ਤੋਂ ਬਚਾਅ ਦੇ ਮੱਦੇਨਜ਼ਰ ਇਕ ਦਿਨ ਵਿਚ 33 ਫ਼ੀਸਦੀ ਜਾਂ 50 ਫ਼ੀਸਦੀ ਹੀ ਵਿਦਿਆਰਥੀ ਸਕੂਲ ਜਾ ਸਕਣਗੇ। ਦਸਿਆ ਜਾ ਰਿਹਾ ਹੈ ਕਿ 50% ਵਿਦਿਆਰਥੀਆਂ ਦਾ ਫਾਰਮੂਲਾ ਲਾਗੂ ਕਰਨ ਵਾਲੇ ਸਕੂਲਾਂ ਵਿਚ ਵਿਦਿਆਰਥੀ ਹਫ਼ਤੇ ‘ਚ ਤਿੰਨ ਤੇ 33% ਦਾ ਫਾਰਮੂਲਾ ਲਾਗੂ ਕਰਨ ਵਾਲੇ ਸਕੂਲਾਂ ਵਿਚ ਹਫ਼ਤੇ ‘ਚ ਦੋ ਦਿਨ ਹੀ ਸਕੂਲ ਜਾਣਗੇ। ਬਾਕੀ ਦਿਨ ਆਨਲਾਈਨ ਪੜ੍ਹਾਈ ਹੋਵੇਗੀ। ਜੂਨ ਦੇ ਅਖੀਰਲੇ ਹਫਤੇ ਤੱਕ ਕੋਰੋਨਾ ਵਾਇਰਸ ਦੀ ਸਥਿਤੀ ਦੇ ਆਧਾਰ ‘ਤੇ ਗਾਇਡਲਾਇਨਸ ‘ਚ ਸਕੂਲਾਂ ਵਿਚ ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਇਜੇਸ਼ਨ ਦਾ ਖਿਆਲ ਰੱਖਿਆ ਜਾਏਗਾ। ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਦੇ ਆਧਾਰ ‘ਤੇ ਹੱਥ ਧੋਣ ਦੀ ਸਹੂਲਤ, ਟਾਇਲਟ, ਪੀਣ ਦੇ ਪਾਣੀ ਦਾ ਪ੍ਰਬੰਧ ਵਧਾਉਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਕੂਲ ਖੁੱਲ੍ਹਣ ਤੋਂ ਪਹਿਲੇ ਦੋ ਹਫ਼ਤੇ ਤਕ ਟੀਚਿੰਗ ਤੇ ਨੌਨ ਟੀਚਿੰਗ ਸਟਾਫ਼ ਨੂੰ ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਇਜੇਸ਼ਨ ਦੀ ਟ੍ਰੇਨਿੰਗ ਦਿੱਤੀ ਜਾਏਗੀ। ਬੱਚਿਆਂ ਨੂੰ ਵੀ ਸਕੂਲ ਵਿਚ ਧਿਆਨ ਰੱਖਣ ਵਾਲੀਆਂ ਗੱਲਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਬਾਰੇ ਪ੍ਰਾਈਵੇਟ ਸਕੂਲਾਂ ਦੇ ਸੰਗਠਨ ਐਕਸ਼ਨ ਕਮੇਟੀ ਆਫ਼ ਐਨਏਡਡ ਰਿਕੌਗੇਨਾਇਜ਼ਡ ਪ੍ਰਾਈਵੇਟ ਸਕੂਲਾਂ ਦੇ ਜਨਰਲ ਸੈਕਟਰੀ ਭਰਤ ਅਰੋੜਾ ਦਾ ਕਹਿਣਾ ਹੈ ਕਿ ਗਾਇਡਲਾਇਨਸ ਮਿਲਦਿਆਂ ਹੀ ਉਹ ਐਸਓਪੀ ਤਿਆਰ ਕਰ ਲੈਣਗੇ।