ਸਿਹਤ ਵਿਭਾਗ ਦੇ ਕਰਮਚਾਰੀਆ ਵੱਲੋਂ ਅਰਬਨ ਏਰੀਆ ਅਤੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਪੀਣ ਵਾਲੇ ਪਾਣੀ ਦੇ ਭਰੇ ਸੈਂਪਲ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਦੀ ਅਗਵਾਈ ਹੇਠ ਜ਼ਿਲ੍ਹਾ ਬਠਿੰਡਾ ਦੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਰਥਨ ਏਰੀਆ ਅਤੇ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਪੀਣ ਵਾਲੇ ਪਾਣੀ ਦੇ 65 ਸੈਂਪਲ ਭਰੇ ਗਏ ਅਤੇ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐੱਸ ਦੇ ਪੈਕੇਟ ਵੀ ਵੰਡੇ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਊਸ਼ਾ ਗੋਇਲ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਜਿੰਨ੍ਹਾ ਇਲਾਕਿਆਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਮਾਂ ਹੁੰਦਾ ਹੈ ਉਨ੍ਹਾ ਇਲਾਕਿਆਂ ਵਿੱਚ ਡਾਇਰੀਆ ਦੇ ਫੈਲਣ ਦਾ ਖਤਰਾ ਵੱਧ ਹੋ ਜਾਂਦਾ ਹੈ। ਡਾਇਰੀਆ ਫੈਲਣ ਤੋਂ ਬਚਾਓ ਲਈ ਇਹ ਸੈਂਪਲ ਲਏ ਗਏ ਹਨ ਇੰਨ੍ਹਾਂ ਸੈਂਪਲਾਂ ਨੂੰ ਲੈਬੋਰੇਟਰੀ ਵਿੱਚ ਭੇਜਿਆ ਜਾਵੇਗਾ ਤਾਂ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ ਸੁਥਰਾ ਮੁਹੱਈਆ ਕਰਵਾਇਆ ਜਾ ਸਕੇ। ਡਾ. ਊਸ਼ਾ ਨੇ ਦੱਸਿਆ ਕਿ ਬਠਿੰਡਾ ਦੇ ਅਰਬਨ ਏਰੀਆ ਬੇਅੰਤ ਨਗਰ ਅਤੇ ਮਾਡਲ ਟਾਊਨ ਫੇਸ-1 ਵਿੱਚੋਂ ਐੱਸ.ਆਈ ਸੁਖਪਾਲ ਸਿੰਘ, ਮਲਟੀਪਰਪਜ਼ ਹੈੱਲਥ ਵਰਕਰ ਮੇਲ ਗਗਨਦੀਪ ਸਿੰਘ ਭੁੱਲਰ, ਵਰਿੰਦਰ ਸਿੰਘ, ਪਰਮਜੀਤ ਸਿੰਘ, ਏ.ਐਨ.ਐਮ ਹਰਜਿੰਦਰ ਕੌਰ ਅਤੇ ਆਸ਼ਾ ਵਰਕਰ ਨਿਸ਼ਾ ਵੱਲੋਂ 15 ਸੈਂਪਲ ਭਰੇ ਗਏ ਅਤੇ ਐੱਸ.ਆਈ ਨਰਦੇਵ ਸਿੰਘ, ਹਰਜੀਤ ਸਿੰਘ ਅਤੇ ਬੂਟਾ ਸਿੰਘ ਵੱਲੋਂ ਬਲਰਾਜ ਨਗਰ ਅਤੇ ਬੰਗੀ ਨਗਰ ਵਿੱਚੋਂ 8 ਸੈਂਪਲ ਭਰੇ ਗਏ।
ਇੰਨ੍ਹਾਂ ਇਲਾਕਿਆਂ ਵਿੱਚ ਆਸ਼ਾ ਵਰਕਰਾਂ ਵੱਲੋਂ ਕਲੋਰੀਨ ਦੀਆਂ ਗੋਲੀਆਂ ਅਤੇ ਓ.ਆਰ.ਐੱਸ ਦੇ ਪੈਕੇਟ ਵੰਡੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਖੜ੍ਹੇ ਪਾਣੀ ਤੇ ਲਾਰਵੀਸਾਈਟ ਦਾ ਛਿੜਕਾਅ ਕਰਵਾ ਦਿੱਤਾ ਗਿਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਣੀ ਮਨੁੱਖੀ ਸਰੀਰ ਲਈ ਬਹੁਤ ਜਰੂਰੀ ਹੈ ਅਤੇ ਜੇਕਰ ਕੋਈ ਮਨੁੱਖ ਦੂਸ਼ਿਤ ਪਾਣੀ ਪੀਂਦਾ ਹੈ ਤਾਂ ਉਸਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣੀਆਂ ਸੁਭਾਵਿਕ ਹਨ। ਦੂਸ਼ਿਤ ਪਾਣੀ ਨਾਲ ਡਾਇਰੀਆ, ਪੀਲੀਆ ਅਤੇ ਪੇਟ ਦੀਆਂ ਕਈ ਹੋਰ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਸਾਫ ਪਾਣੀ ਹੀ ਪੀਤਾ ਜਾਵੇ ਅਤੇ ਪਾਣੀ ਉਬਾਲ ਕੇ ਹੀ ਪੀਣਾ ਚਾਹੀਦਾ ਹੈ ਤਾਂ ਜੋ ਇਸ ਵਿਚਲੇ ਹਾਨੀਕਾਰਕ ਤੱਤ ਨਸ਼ਟ ਹੋ ਜਾਣ। ਉਨ੍ਹਾਂ ਹੱਥਾਂ ਦੀ ਉੱਚੇਚੀ ਸਾਫ ਸਫਾਈ ਰੱਖਣ ਲਈ ਵੀ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਸਾਰਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਹੱਥਾਂ ਨੂੰ ਸਾਬਨ ਨਾਲ ਸਾਫ਼ ਕਰਨਾ ਚਾਹੀਦਾ ਹੈ। ਆਲੇ ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। Author : Malout Live