ਪੋਲਿੰਗ ਸਟਾਫ਼ 086 ਮੁਕਤਸਰ ਦੀਆਂ ਪੋਲਿੰਗ ਰਿਹਰਸਲਾਂ ਗੁਰੂ ਨਾਨਕ ਦੇਵ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ 12 ਅਤੇ 13 ਫਰਵਰੀ ਨੂੰ ਹੋਣਗੀਆਂ
ਮਲੋਟ:- ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਰਿਟਰਨਿੰਗ ਅਫ਼ਸਰ -086 ਵੱਲੋਂ 20 ਫਰਵਰੀ 2022 ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਬੰਧਾਂ ਵਜੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਹਲਕਾ -086 ਨਾਲ ਸੰਬੰਧਿਤ ਪੋਲਿੰਗ ਸਟਾਫ਼ ਨੂੰ ਪੋਲਿੰਗ ਕਰਵਾਉਣ, ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਤੇ ਪੋਲਿੰਗ ਸਟੇਸ਼ਨ ਤੇ ਕੋਵਿਡ -19 ਪ੍ਰੋਟੋਕੋਲ ਸੰਬੰਧੀ ਟਰੇਨਿੰਗ ਦੇਣ ਲਈ ਰਿਹਰਸਲਾਂ ਮਿਤੀ 12 ਅਤੇ 13 ਫਰਵਰੀ 2022 ਨੂੰ ਗੁਰੂ ਨਾਨਕ ਦੇਵ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਜਾ ਰਹੀਆਂ ਹਨ। ਕੋਵਿਡ -19 ਪ੍ਰੋਟੋਕਲ ਦੇ ਮੱਦੇਨਜ਼ਰ ਇਹ ਰਿਹਰਸਲਾਂ ਪ੍ਰਤੀ ਦਿਨ ਦੋ ਸ਼ਿਫਟਾਂ ਅਤੇ ਵੱਖ-ਵੱਖ ਕਮਰਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਲਈ ਪੋਲਿੰਗ ਸਟਾਫ ਨੂੰ ਹਦਾਇਤ ਹੈ ਕਿ ਉਹ ਆਪਣੀ ਸ਼ਿਫਟ ਵਿੱਚ ਨਿਰਧਾਰਿਤ ਐਂਟਰੀ ਸਮੇਂ ਤੇ ਹਾਜ਼ਰ ਹੋਣਾ ਯਕੀਨੀ ਬਨਾਉਣ। ਉੱਥੇ ਆਉਣ ਵਾਲੇ ਸਟਾਫ ਲਈ ਪੋਸਟਲ ਬੈਲਟ ਫੈਸਿਲੀਟੇਸ਼ਨ ਸੈਂਟਰ, ਵੈਕਸੀਨੇਸ਼ਨ ਸੈਂਟਰ ਤੋਂ ਇਲਾਵਾ ਉਨ੍ਹਾਂ ਦੀ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਿਨ੍ਹਾਂ ਰਿਹਰਸਲ ਸਥਾਨ ਤੇ ਡੰਮੀ ਪੋਲਿੰਗ ਬੂਥ ਵੀ ਸਥਾਪਿਤ ਕੀਤਾ ਜਾ ਰਿਹਾ ਹੈ ਤਾਂ ਜੋ ਪਹਿਲੀ ਵਾਰ ਚੋਣ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਬੂਥ ਸੈਟਅੱਪ ਕਰਨ, ਈ.ਵੀ.ਐੱਮ/ਵੀ.ਵੀ.ਪੈਟ ਓਪਰੇਟ ਕਰਨ ਤੋਂ ਇਲਾਵਾ ਬਾਕੀ ਅਮਲੇ ਦੀ ਡਿਊਟੀ ਸੰਬੰਧੀ, ਉਸਦੇ ਬੈਠਣ ਦਾ ਸਥਾਨ ਨਿਸ਼ਚਿਤ ਕਰਨ ਅਤੇ ਵੋਟ ਪਾਉਣ ਆਏ ਵੋਟਰ ਦੇ ਅੰਦਰ ਅਤੇ ਬਾਹਰ ਜਾਣ ਦੇ ਰਸਤੇ ਸੰਬੰਧੀ ਜਾਣਕਾਰੀ ਦਿੱਤੀ ਜਾ ਸਕੇ। ਰਿਹਰਸਲਾਂ ਲਈ ਉਕਤ ਸਾਰੇ ਪ੍ਰਬੰਧ ਕਰਨ ਲਈ ਸ਼੍ਰੀ ਗੁਰਚਰਨ ਸਿੰਘ ਨਾਇਬ ਤਹਿਸੀਲਦਾਰ ਲੱਖੇਵਾਲੀ ਨੂੰ ਨੋਡਲ ਅਫ਼ਸਰ ਲਗਾਇਆ ਗਿਆ ਹੈ।