ਮਿਆਰੀ ਪੜ੍ਹਾਈ ਤੇ ਚੰਗੀ ਦਵਾਈ ਪਿੰਡ ਪੱਧਰ ਤੇ ਮਿਲੇਗੀ- ਗੁਰਮੀਤ ਸਿੰਘ ਖੁੱਡੀਆਂ

ਮਲੋਟ: ਪੰਜਾਬ ਦੇ ਖੇਤੀਬਾੜੀ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਵਿੱਚ ਲੋਕਾਂ ਦੀਆਂ ਬਰੂਹਾਂ ਤੱਕ ਮਿਆਰੀ ਪੜ੍ਹਾਈ ਅਤੇ ਚੰਗੀ ਦਵਾਈ ਦੀ ਸਹੂਲਤ ਪਹੁੰਚਾਉਣ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਹ ਪਿੰਡ ਆਲਮਵਾਲਾ ਦੇ ਕਮਿਊਨਿਟੀ ਹੈੱਲਥ ਸੈਂਟਰ ਵਿਖੇ ਬਲਾਕ ਲੈਵਲ ਪਬਲਿਕ ਹੈੱਲਥ ਯੂਨਿਟ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਸਿਹਤ ਅਤੇ ਸਿੱਖਿਆ ਪ੍ਰਮੁੱਖ ਤਰਜੀਹਾਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਯੂਨਿਟ ਵਿਖੇ ਬਿਮਾਰੀਆਂ ਦੀ ਅਗੇਤੀ ਪਹਿਚਾਣ, ਇਕ ਉੱਚ ਪੱਧਰੀ ਲੈਬ ਅਤੇ ਮਰੀਜਾਂ ਦੇ ਅੰਕੜਿਆਂ ਦੇ ਪ੍ਰਬੰਧਨ ਦਾ ਇੰਤਜਾਮ ਹੋਵੇਗਾ ਤਾਂ ਜੋ ਬਿਮਾਰੀਆਂ ਦੀ ਅਗੇਤੀ ਪਹਿਚਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਸਿਹਤ ਬੀਮਾ ਕਾਰਡ ਬਣਾਉਣ ਦੀ ਅਪੀਲ ਵੀ ਕੀਤੀ, ਜਿਸ ਤਹਿਤ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ ਬਣਨ ਵਾਲੇ ਪਬਲਿਕ ਹੈਲਥ ਯੂਨਿਟ ਦੇ ਨਿਰਮਾਣ ਤੇ 25.33 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਰਾਜ ਵਿਚ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਨਵੀਂਆਂ ਮਸ਼ੀਨਾਂ ਸਬਸਿਡੀ ਤੇ ਉਪਲੱਬਧ ਕਰਵਾਉਣ ਲਈ

ਰਾਜ ਸਰਕਾਰ ਨੇ 350 ਕਰੋੜ ਰੁਪਏ ਦੀ ਕਾਰਜਯੋਜਨਾ ਬਣਾ ਕੇ ਲਾਗੂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਸੂਬੇ ਵਿਚ 23000 ਮਸ਼ੀਨਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀ ਪਰਾਲੀ ਨੂੰ ਸਾੜਨ ਦੀ ਬਜਾਏ ਇਸਦਾ ਪ੍ਰਬੰਧਨ ਕਰਨ ਵਿੱਚ ਸਰਕਾਰ ਦਾ ਸਹਿਯੋਗ ਕਰ ਰਹੇ ਹਨ। ਬਾਅਦ ਵਿਚ ਉਨ੍ਹਾਂ ਨੇ ਪਿੰਡ ਬੋਦੀਵਾਲਾ ਖੜ੍ਹਕ ਸਿੰਘ ਵਿੱਚ ਪੇਂਡੂ ਵਿਕਾਸ ਵਿਭਾਗ ਵੱਲੋਂ ਤਿਆਰ ਕੀਤੀ ਅਤਿ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ। ਇਸ ਲਾਇਬ੍ਰੇਰੀ ਦੇ ਉਦਘਾਟਨ ਮੌਕੇ ਉਨ੍ਹਾਂ ਨੇ ਕਿਹਾ ਕਿ ਗਿਆਨ ਦੀ ਰਿਸਮਾਂ ਤੋਂ ਸੇਧ ਲੈ ਕੇ ਸਾਡੀ ਨਵੀਂ ਪੀੜ੍ਹੀ ਸਫਲਤਾ ਦੀਆਂ ਨਵੀਂਆਂ ਮੰਜਿਲਾਂ ਸੈਰ ਕਰੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਪੰਨੀਵਾਲਾ ਫੱਤਾ ਵਿਚ ਗਲੀਆਂ ਨਾਲੀਆਂ ਦੇ ਕੰਮ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਧੀਰਾ, ਗੁਰਬਾਜ ਸਿੰਘ ਵਨਵਾਲਾ, ਬਲਾਕ ਪ੍ਰਧਾਨ ਚੇਅਰਮੈਨ ਸੁਰਜੀਤ ਸਿੰਘ ਮਿੱਡਾ, ਮੰਗਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ, ਐੱਸ.ਐੱਮ.ਓ ਡਾ. ਪਵਨ ਮਿੱਤਲ, ਪਸ਼ੂ ਪਾਲਣ ਵਿਭਾਗ ਤੋਂ ਗੁਰਦਿੱਤ ਸਿੰਘ, ਬੀਡੀਪੀਓ ਜਸਵੰਤ ਸਿੰਘ, ਪੰਚਾਇਤੀ ਰਾਜ ਵਿਭਾਗ ਤੋਂ ਜਗਸੀਰ ਸਿੰਘ ਸਰਪੰਚ, ਪਰਮਪਾਲ ਸਿੰਘ ਸਰਪੰਚ, ਭੁਪਿੰਦਰ ਸਿੰਘ, ਮੋਹਨ ਸਿੰਘ ਕੱਟਿਆਂ ਵਾਲੀ, ਕਰਨਵੀਰ ਸਿੰਘ, ਸੁਖਵਿੰਦਰ ਸਿੰਘ ਆਦਿ ਵੀ ਹਾਜ਼ਿਰ ਸਨ। Author: Malout Live