ਪੁਰਅਦਬ ਕੌਰ ਨੂੰ ਕੀਤਾ ਗਿਆ ਸਨਮਾਨਿਤ
ਮਲੋਟ: ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾ. ਬਲਜੀਤ ਕੌਰ ਨੇ ਅੱਜ ਮਲੋਟ ਸ਼ਹਿਰ ਦੀ 8 ਸਾਲਾਂ ਧੀ ਪੁਰਅਦਬ ਕੌਰ ਨੂੰ 'ਇੰਡੀਆ ਬੁੱਕ ਆੱਫ਼ ਰਿਕਾਰਡਜ਼' ਵਿੱਚ ਬਤੌਰ 'ਯੰਗੈਸਟ ਟੂ ਵ੍ਰਾਈਟ ਏ ਟਰੈਵਲਾੱਗ' ਨਾਮਜ਼ਦ ਹੋਣ ਲਈ ਅਤੇ ਮਲੋਟ ਸ਼ਹਿਰ ਦਾ ਨਾਂ ਚਮਕਾਉਣ ਲਈ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਨਿੱਕੀ ਜਿਹੀ ਕੁੜੀ ਸਾਡੇ ਮਲੋਟ ਸ਼ਹਿਰ ਦਾ ਮਾਣ ਹੈ । ਇਸ ਦੌਰਾਨ ਉਹਨਾਂ ਪੁਰਅਦਬ ਕੌਰ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੁਰਅਦਬ ਕੌਰ ਨੇ ਆਪਣੀ ਪੁਸਤਕ 'ਵਾਕਿੰਗ ਆੱਨ ਕਲਾਊਡਸ'' ਡਾ. ਬਲਜੀਤ ਕੌਰ ਜੀ ਨੂੰ ਭੇਂਟ ਕੀਤੀ।
ਧਿਆਨਯੋਗ ਹੈ ਕਿ ਪੁਰਅਦਬ ਨੇ 8 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਵਿੱਦਿਅਕ ਟੂਰ ਨੂੰ ਆਧਾਰ ਬਣਾ ਕੇ ਸਫ਼ਰਨਾਮਾ ਲਿਖਿਆ ਸੀ। ਜਿਸ ਸਦਕਾ ਉਸਨੇ ਚਰਚਾ ਬਟੌਰੀ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਪੁਰਅਦਬ ਕੌਰ ਸ਼ਾਇਰ ਮੰਗਲ ਮਦਾਨ ਅਤੇ ਕੁਲਵੰਤ ਕੌਰ ਦੀ ਪੋਤੀ ਅਤੇ ਪ੍ਰੋਫੈਸਰ ਗੁਰਮਿੰਦਰ ਜੀਤ ਕੌਰ ਅਤੇ ਰਿਸ਼ੀ ਹਿਰਦੇਪਾਲ ਦੀ ਧੀ ਹੈ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਧੰਨਵਾਦ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਇੱਕ ਚੰਗਾ ਉੱਦਮ ਹੈ, ਇਸ ਨਾਲ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲੇਗੀ ਤੇ ਉਹ ਹੋਰ ਸਾਰਥਿਕ ਕਾਰਜਾਂ ਲਈ ਉਤਸ਼ਾਹਿਤ ਹੋਵੇਗੀ। Author: Malout Live