Malout News

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ

ਮਲੋਟ:- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਸੂਬਾ ਚੋਣ ਇਜਲਾਸ ਦੇ ਫ਼ੈਸਲੇ ਤਹਿਤ ਤਹਿਸੀਲ ਪੱਧਰ ‘ ਤੇ ਸਿੱਖਿਆ , ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰਧਿਤ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਐੱਸ.ਡੀ.ਐੱਮ.ਮਲੋਟ ਦੇ ਦਫ਼ਤਰ ਵਿਚ ਨਾ ਹੋਣ ਕਾਰਨ ਦਫ਼ਤਰ ਵਿਚ ਹਾਜ਼ਰ ਰੀਡਰ ਨਰੇਸ਼ ਕੁਮਾਰ ਨੂੰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਰੋਮੀ ਬਾਂਸਲ ਅਤੇ ਲੰਬੀ ਦੇ ਬਲਾਕ ਪ੍ਰਧਾਨ ਮਿੱਠੂ ਰਾਮ ਨੇ ਦੱਸਿਆ ਕਿ ਪਿਛਲੇ ਸਮੇਂ ਵਿਚ ਸਰਕਾਰਾਂ ਨੇ ਸਿੱਖਿਆ ਅਤੇ ਅਧਿਆਪਕਾਂ ਨੂੰ ਅਣਗੌਲਿਆ ਕੀਤਾ ਹੈ , ਜਿਸ ਦੇ ਸਿੱਟੇ ਵਜੋਂ ਸਿੱਖਿਆ ਦੇ ਖੇਤਰ ਵਿਚ ਪੰਜਾਬ ਪਛੜ ਰਿਹਾ ਹੈ ਅਤੇ ਅਧਿਆਪਕ ਵਰਗ ਨੂੰ ਹਾਸ਼ੀਏ ‘ ਤੇ ਧੱਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਦੇਣ ਦੀ ਜ਼ਿੰਮੇਵਾਰੀ ਤੋਂ ਭੱਜਣ , ਘੱਟ ਗਿਣਤੀ ਵਾਲੇ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ , ਮਿਡਲ ਸਕੂਲਾਂ ਵਿਚ ਅਸਾਮੀਆਂ ਦੀ ਕਟੌਤੀ ਕਰਨ ਅਤੇ ਪ੍ਰਾਇਮਰੀ ਸਕੂਲਾਂ ਵਿਚ ਹੈੱਡ ਟੀਚਰ ਦੀ ਅਸਾਮੀ ਦੇਣ ‘ ਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾਉਣ ਵਿਚੋਂ ਉਪਜੇ ਮਸਲਿਆਂ ਦੇ ਸਾਰਥਕ ਹੱਲ ਕਰਨ ਦੀ ਮੰਗ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਸਰਕਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਡੈਮੋਕ੍ਰਿਕ ਟੀਚਰਜ਼ ਫ਼ਰੰਟ ਦੇ ਝੰਡੇ ਹੇਠ ਅਧਿਆਪਕ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਦੇ ਰਾਹ ਪੈਣਗੇ । ਡੀ . ਟੀ . ਐੱਫ਼ . ਦੇ ਆਗੂ ਬਲਦੇਵ ਸਿੰਘ , ਸਤਪਾਲ ਸਿੰਘ ਅਤੇ ਜਤਿੰਦਰ ਕੁਮਾਰ ਨੇ ਕਿਹਾ ਕਿ ਜੇਕਰ ਇਨ੍ਹਾਂ ਮੰਗਾਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਕੋਈ ਠੋਸ ਕਦਮ ਨਾ ਉਠਾਏ ਗਏ , ਤਾਂ ਇਕ ਦਸੰਬਰ ਨੂੰ ਸੰਗਰੂਰ ਸ਼ਹਿਰ ਵਿਖੇ ਸੂਬਾ ਪੱਧਰੀ ਰੈਲੀ ਕਰਨ ਉਪਰੰਤ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਦੇ ਹੋਏ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ । ਇਸ ਮੌਕੇ ਅਰਜੁਨ ਸਿੰਘ , ਪਰਮਜੀਤ ਸਿੰਘ , ਜਗਮੀਤ ਸਿੰਘ , ਜਸਵਿੰਦਰ ਸਿੰਘ , ਪਰਮਜੀਤ ਸਿੰਘ , ਸ਼ਿੰਦਰਪਾਲ , ਰਾਜਿੰਦਰ ਸੇਤੀਆ , ਸੋਹਣ ਲਾਲ , ਮਨਜੀਤ ਸਿੰਘ , ਅਮਰ ਵਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

Back to top button